ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਮਰੀਕਾ ਦੇ ਦੌਰੇ ‘ਤੇ ਪੁੱਜੇ ਹਨ। ਇਸ ਸਮੇਂ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਵੀ ਕੀਤੀ ਅਤੇ ਕੁਝ ਅਹਿਮ ਗੱਲਾਂ ਵੀ ਆਖੀਆਂ। ਉਨ੍ਹਾਂ ਕਿਹਾ ਕਿ ਰੂਸ ਨਾਲ ਜੰਗ ਨੂੰ ਖ਼ਤਮ ਕਰਨ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਸ ਨੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ‘ਚ ਲਗਾਤਾਰ ਸਮਰਥਨ ਲਈ ਅਮਰੀਕਨ ਨੇਤਾਵਾਂ ਅਤੇ ਜਨਤਾ ਦਾ ਧੰਨਵਾਦ ਵੀ ਕੀਤਾ। ਜੋਅ ਬਾਈਡੇਨ ਅਤੇ ਕਾਂਗਰਸ ਨੇ ਯੂਕਰੇਨ ਨੂੰ ਅਰਬਾਂ ਡਾਲਰ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਯੂਕਰੇਨ ਨੂੰ ਸ਼ਾਂਤੀ ਲਈ ਮਦਦ ਕਰਨ ਦਾ ਵਾਅਦਾ ਕੀਤਾ। ਦੌਰੇ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਨੇ ਯੂਕਰੇਨ ਨੂੰ 1.85 ਬਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ ਸੀ। ਇਸ ਫ਼ੌਜੀ ਸਹਾਇਤਾ ਤਹਿਤ ਪੈਟ੍ਰੀਅਟ ਮਿਜ਼ਾਈਲ ਬੈਟਰੀ ਭੇਜਣ ਦਾ ਵੀ ਐਲਾਨ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੇ ਓਵਲ ਦਫਤਰ ‘ਚ ਜ਼ੇਲੇਂਸਕੀ ਦਾ ਸਵਾਗਤ ਕਰਦੇ ਹੋਏ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਅਤੇ ਯੂਕਰੇਨ ਰੱਖਿਆ ‘ਚ ਏਕਤਾ ਦਿਖਾਉਣਾ ਜਾਰੀ ਰੱਖਣਗੇ ਕਿਉਂਕਿ ਰੂਸ ਨੇ ‘ਇਕ ਰਾਸ਼ਟਰ ਵਜੋਂ ਯੂਕਰੇਨ ਦੇ ਹੋਂਦ ਦੇ ਅਧਿਕਾਰ ‘ਤੇ ਬੇਰਹਿਮੀ ਨਾਲ ਹਮਲਾ’ ਕੀਤਾ ਹੈ। ਇਸ ਸਾਲ ਫਰਵਰੀ ਦੇ ਅਖੀਰ ‘ਚ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਜ਼ੇਲੇਂਸਕੀ ਪਹਿਲੀ ਵਾਰ ਦੇਸ਼ ਤੋਂ ਬਾਹਰ ਨਿਕਲੇ ਹਨ। ਜ਼ੇਲੇਂਸਕੀ ਨੇ ਕਿਹਾ ਕਿ ਉਹ ਪਹਿਲਾਂ ਵੀ ਦੌਰਾ ਕਰਨਾ ਚਾਹੁੰਦੇ ਸਨ, ਪਰ ਇਸ ਸਮੇਂ ਉਨ੍ਹਾਂ ਦੀ ਫੇਰੀ ਦਰਸਾਉਂਦੀ ਹੈ ਕਿ ਤੁਹਾਡੀ ਮਦਦ ਨਾਲ, ਸਥਿਤੀ ਹੁਣ ਕਾਬੂ ਹੇਠ ਹੈ। ਜ਼ੇਲੇਂਸਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਲਈ ਨਿਆਂਪੂਰਨ ਸ਼ਾਂਤੀ ਜ਼ਰੂਰੀ ਹੈ, ਜਿਸ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਸਨੇ ਕਿਹਾ ਕਿ ਯੁੱਧ ਸਿਰਫ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਯੂਕਰੇਨ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਬਹਾਲ ਹੋ ਜਾਂਦੀ ਹੈ ਅਤੇ ਨਾਲ ਹੀ ‘ਰੂਸੀ ਹਮਲੇ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ’ ਮਿਲਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਾਂਗਰਸ ਨੂੰ ਸੰਬੋਧਤ ਕਰਦੇ ਹੋਏ ਰੂਸ ਦੇ ਬੇਰਹਿਮ ਹਮਲੇ ਦੇ ਖ਼ਿਲਾਫ਼ ਆਪਣੇ ਦੇਸ਼ ਦੀ ਰੱਖਿਆ ਲਈ ਸੰਯੁਕਤ ਰਾਜ ਅਤੇ ਉਸਦੇ ਸਹਿਯੋਗੀਆਂ ਦਾ ਸਮਰਥਨ ਬਰਕਰਾਰ ਰੱਖਣ ਦੀ ਸਹੁੰ ਖਾਧੀ।