ਇਕ ਛੇ ਸਾਲ ਦਾ ਸਰੀਰਕ ਤੌਰ ‘ਤੇ ਅਪਾਹਜ ਬੱਚਾ ਨੋਏਲ ਰੋਡਰਿਗਜ਼-ਅਲਵਾਰੇਜ਼ ਪਿਛਲੇ ਸਾਲ ਨਵੰਬਰ ਤੋਂ ਲਾਪਤਾ ਹੈ ਅਤੇ ਉਸ ਦੇ ਲਾਪਤਾ ਹੋਣ ਦੇ ਕਈ ਮਹੀਨੇ ਬਾਅਦ ਹੁਣ ਉਸ ਦੀ ਮੌਤ ਦਾ ਖਦਸ਼ਾ ਹੈ। ਉਸ ਦੇ ਮਾਤਾ-ਪਿਤਾ ਇੰਡੀਆ ਭੱਜ ਗਏ ਹਨ ਅਤੇ ਉਨ੍ਹਾਂ ਵਿਰੁੱਧ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਉਸ ਦੀ ਜਾਨ ਨੂੰ ਖ਼ਤਰੇ ‘ਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੁੰਮ ਹੋਏ ਬੱਚੇ ਦੀ ਭਾਲ ਨੂੰ ਕਤਲ ਦੀ ਜਾਂਚ ‘ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਨੋਏਲ ਦੀ ਮਾਂ ਸਿੰਡੀ ਰੌਡਰਿਗਜ਼ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਖ਼ਿਲਾਫ਼ ਆਪਣੇ ਬੱਚੇ ਨੂੰ ਛੱਡਣ ਅਤੇ ਉਸ ਦੀ ਜਾਨ ਨੂੰ ਖ਼ਤਰੇ ‘ਚ ਪਾਉਣ ਦੇ ਦੋਸ਼ ‘ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਅਮਰੀਕਾ ਨੇ ਇੰਡੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੋਵਾਂ ਨੂੰ ਉਸ ਦੇ ਸਪੁਰਦ ਕੀਤਾ ਜਾਵੇ। ਪੁਲੀਸ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐਵਰਮੈਨ ਦੇ ਪੁਲੀਸ ਮੁਖੀ ਕ੍ਰੇਗ ਸਪੇਂਸਰ ਨੇ ਕਿਹਾ ਕਿ ਲਾਪਤਾ ਬੱਚੇ ਦੀ ਭਾਲ ਦੇ ਮਾਮਲੇ ਨੂੰ ਕਤਲ ਦੀ ਜਾਂਚ ‘ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਪੇਂਸਰ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਨੋਏਲ ਦੀ ਮਾਂ ਸਿੰਡੀ ਰੋਡਰਿਗਜ਼ ਸਿੰਘ ਅਤੇ ਅਰਸ਼ਦੀਪ ਸਿੰਘ ਖ਼ਿਲਾਫ਼ ਆਪਣੇ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਉਸ ਦੀ ਜ਼ਿੰਦਗੀ ਨੂੰ ਖ਼ਤਰੇ ‘ਚ ਪਾਉਣ ਨੂੰ ਲੈ ਕੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਭਗੋੜਿਆਂ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਅਸੀਂ ਉਨ੍ਹਾਂ ਕੋਲੋਂ ਨੋਏਲ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਲੈ ਸਕੀਏ। 37 ਸਾਲਾ ਸਿੰਡੀ ਦੇ 10 ਬੱਚਿਆਂ ‘ਚੋਂ ਨੋਏਲ ਇਕ ਸੀ। ਉਸ ਦੇ ਤਿੰਨ ਭੈਣ-ਭਰਾ ਆਪਣੇ ਦਾਦਾ-ਦਾਦੀ ਦੇ ਨਾਲ ਰਹਿੰਦੇ ਹਨ, ਜਦੋਂ ਕਿ ਨੋਏਲ ਅਤੇ ਹੋਰ ਐਵਰਮੈਨ ਦੇ ਇਕ ਇਲਾਕੇ ‘ਚ ਝੌਂਪੜੀ ‘ਚ ਆਪਣੀ ਮਾਂ ਸਿੰਡੀ ਨਾਲ ਰਹਿੰਦੇ ਸਨ। ਨੋਏਲ ਦਾ ਭਾਰਤੀ ਮੂਲ ਦਾ ਮਤਰੇਆ ਪਿਤਾ ਅਰਸ਼ਦੀਪ ਵੀ ਝੌਂਪੜੀ ‘ਚ ਰਹਿੰਦਾ ਸੀ। ਐਵਰਮੈਨ ਪੁਲੀਸ ਨੇ ਰਿਪੋਰਟ ਦਿੱਤੀ ਕਿ 20 ਮਾਰਚ ਨੂੰ ਟੈਕਸਾਸ ਡਿਪਾਰਟਮੈਂਟ ਆਫ਼ ਫੈਮਲੀ ਸਰਵਿਸਿਜ਼ ਨੇ ਪੁਲੀਸ ਨੂੰ ਐਵਰਮੈਨ ਵਿਖੇ ਭਲਾਈ ਜਾਂਚ ਕਰਨ ਲਈ ਕਿਹਾ ਸੀ। ਸਪੇਂਸਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 22 ਮਾਰਚ ਨੂੰ ਨੋਏਲ ਦੀ ਮਾਂ ਸਿੰਡੀ, ਉਸ ਦਾ ਪਤੀ ਅਰਸ਼ਦੀਪ ਅਤੇ ਉਨ੍ਹਾਂ ਦੇ 6 ਬੱਚੇ ਜਹਾਜ਼ ਰਾਹੀਂ ਇੰਡੀਆ ਲਈ ਰਵਾਨਾ ਹੋਏ ਪਰ ਨੋਏਲ ਉਨ੍ਹਾਂ ਦੇ ਨਾਲ ਨਹੀਂ ਸੀ। ਅਧਿਕਾਰੀਆਂ ਨੇ ਸਿੰਡੀ ਅਤੇ ਉਸ ਦੇ ਪਤੀ ਅਰਸ਼ਦੀਪ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਹ ਜੋੜੇ ਨੂੰ ਇੰਡੀਆ ਤੋਂ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਨੇ ਗੁਪਤ ਸੂਹ ਮਿਲਣ ‘ਤੇ ਨੋਏਲ ਦੀ ਭਾਲ ਸ਼ੁਰੂ ਕੀਤੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਚਾ ਪਿਛਲੇ ਸਾਲ ਨਵੰਬਰ ਤੋਂ ਲਾਪਤਾ ਹੈ।