ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਸੇ ਨੂੰ ਸਾਬਤ ਕੀਤਾ ਹੈ ਅਮਰੀਕਾ ਰਹਿੰਦੇ ਲਖਵਿੰਦਰ ਸਿੰਘ ਨੇ। ਜਲੰਧਰ ਜ਼ਿਲ੍ਹੇ ਦੇ ਪਿੰਡ ਲੰਮੇ ਨਾਲ ਸਬੰਧਤ ਲਖਵਿੰਦਰ ਸਿੰਘ ਦੀ ਪੁਰਾਣੀ ਇੱਛਾ ਸੀ ਕਿ ਉਹ ਕਾਰ ਰਾਹੀਂ ਅਮਰੀਕਾ ਤੋਂ ਇੰਡੀਆ ਜਾਵੇ ਜਿਸ ਨੂੰ ਉਸ ਨੇ ਹੁਣ ਪੂਰਾ ਕਰ ਦਿਖਾਇਆ ਹੈ। ਕਾਰ ਰਾਹੀਂ 34 ਦਿਨਾਂ ‘ਚ 20 ਦੇਸ਼ਾਂ ਦੀ ਯਾਤਰਾ ਕਰਕੇ ਉਹ ਇੰਡੀਆ ਪਹੁੰਚਿਆ ਅਤੇ ਖੁਸ਼ ਹੈ। ਅਮਰੀਕਾ ਦੇ ਸੈਕਰਾਮੈਂਟੋ ‘ਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਜ਼ਿੰਦਗੀ ਕੋਰੋਨਾ ਤੋਂ ਬਾਅਦ ਬਦਲ ਗਈ। ਉਸ ਦੇ ਮਨ ‘ਚ ਇਕ ਖਿਆਲ ਆਇਆ ਕਿ ਉਹ ਆਪਣੀ ਜ਼ਿੰਦਗੀ ‘ਚ ਕੁਝ ਵੱਖਰਾ ਕਰੇਗਾ। ਲਖਵਿੰਦਰ ਸਿੰਘ ਨੇ ਪਲੈਨਿੰਗ ਕੀਤੀ ਤੇ ਅਮਰੀਕਾ ਤੋਂ ਆਪਣੀ ਕਾਰ ਰਾਹੀਂ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਇੰਡੀਆ ਪਹੁੰਚਿਆ। ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਕਰੋਨਾ ਦੇ ਸਮੇਂ ਲੋਕਾਂ ਨੂੰ ਵੱਖ ਹੁੰਦੇ ਦੇਖਿਆ ਤਾਂ ਉਸ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ। ਉਦੋਂ ਤੋਂ ਉਸ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਯੋਜਨਾ ਬਣਾਉਣ ‘ਚ ਉਸ ਨੂੰ ਢਾਈ ਸਾਲ ਲੱਗ ਗਏ ਤੇ ਜਿਵੇਂ ਹੀ ਕਾਗਜ਼ ਪੂਰੇ ਹੋਏ ਉਹ ਆਪਣੀ ਕਾਰ ਨਾਲ ਅਮਰੀਕਾ ਤੋਂ ਇੰਡੀਆ ਲਈ ਰਵਾਨਾ ਹੋ ਗਿਆ। ਅਮਰੀਕਾ ਤੋਂ ਉਸ ਨੇ ਆਪਣੀ ਕਾਰ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਭੇਜ ਦਿੱਤੀ। ਇੰਗਲੈਂਡ ਤੋਂ ਰੇਲ ਗੱਡੀ ਰਾਹੀਂ ਬੈਲਜੀਅਮ ਪਹੁੰਚਿਆ ਤੇ ਉਸ ਤੋਂ ਬਾਅਦ ਜਰਮਨ, ਸਵਿਟਜ਼ਰਲੈਂਡ, ਆਸਟਰੀਆ, ਹੰਗਰੀ ਆਦਿ ਯੂਰਪੀ ਦੇਸ਼ਾਂ ਤੋਂ ਹੁੰਦੇ ਹੋਏ ਪੈਰਿਸ ਤੁਰਕੀ ਪਹੁੰਚਿਆ। ਇਸ ਤੋਂ ਬਾਅਦ ਉਹ ਈਰਾਨ ਦੇ ਰਸਤੇ ਪਾਕਿਸਤਾਨ ਚਲਾ ਗਿਆ। ਉਸ ਨੇ ਪਾਕਿਸਤਾਨ ‘ਚ 14 ਦਿਨ ਬਿਤਾਏ। ਇਨ੍ਹਾਂ ਚੌਦਾਂ ਦਿਨਾਂ ‘ਚ ਕਈ ਸ਼ਹਿਰਾਂ ਜਿਵੇਂ ਗੁਰਦੁਆਰਾ ਸਾਹਿਬ ਲਾਹੌਰ, ਟੋਬਾ ਟੇਕ ਸਿੰਘ, ਪਾਕਪਤਨ ਆਦਿ ਦਾ ਦੌਰਾ ਕੀਤਾ। ਪਾਕਿਸਤਾਨ ਦੇ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਤੇ ਮਹਿਮਾਨਨਿਵਾਜ਼ੀ ਦਿੱਤੀ ਤੇ 11 ਦਿਨਾਂ ਤੱਕ ਲੋਕਾਂ ਨੇ ਉਸ ਨੂੰ ਆਪਣੇ ਘਰਾਂ ‘ਚ ਰੱਖਿਆ। ਲਖਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਇੰਡੀਆ ਦੀ ਯਾਤਰਾ ‘ਚ ਕੁੱਲ 34 ਦਿਨਾਂ ਦਾ ਸਮਾਂ ਲੱਗਿਆ ਹੈ ਤੇ 18 ਤੋਂ 20 ਦੇਸ਼ਾਂ ਵਿੱਚੋਂ ਲੰਘਿਆ। ਲਖਵਿੰਦਰ ਸਿੰਘ 1985 ‘ਚ ਅਮਰੀਕਾ ਗਿਆ ਤੇ ਉਥੇ ਸਖ਼ਤ ਮਿਹਨਤ ਕਰਕੇ ਚੰਗਾ ਕਾਰੋਬਾਰ ਖੜ੍ਹਾ ਕੀਤਾ ਹੈ। ਉਸ ਨੇ ਦੱਸਿਆ ਕਿ ਹੁਣ ਉਹ ਜਹਾਜ਼ ਰਾਹੀਂ ਅਮਰੀਕਾ ਜਾਵੇਗਾ ਤੇ ਜਹਾਜ਼ ਰਾਹੀਂ ਕਾਰ ਭੇਜੇਗਾ। ਉਸਨੇ ਦੱਸਿਆ ਕਿ ਸ਼ੁਰੂ ‘ਚ ਜਦੋਂ ਉਸਨੇ ਘਰ ‘ਚ ਆਪਣੀ ਇਸ ਯੋਜਨਾ ਬਾਰੇ ਗੱਲ ਕੀਤੀ ਤਾਂ ਉਸ ਦਾ ਮਜ਼ਾਕ ਉਡਾਇਆ ਗਿਆ। ਬਾਅਦ ‘ਚ ਜਦੋਂ ਉਹ ਇਸ ਦਿਸ਼ਾ ‘ਚ ਅੱਗੇ ਵਧਣ ਲੱਗਾ ਤਾਂ ਪਰਿਵਾਰ ਵਾਲੇ ਸਹਿਮ ਗਏ ਅਤੇ ਯਾਤਰਾ ਦੇ ਜ਼ੋਖਮ ਕਰਕੇ ਅਜਿਹਾ ਨਾ ਕਰਨ ਲਈ ਦਬਾਅ ਪਾਉਣ ਲੱਗੇ। ਪਰ ਬਾਅਦ ‘ਚ ਪਰਿਵਾਰ ਵਾਲੇ ਉਸਦੀ ਜ਼ਿੱਦ ਅੱਗੇ ਝੁਕ ਗਏ ਤੇ ਫਿਰ ਉਸਦਾ ਸਾਥ ਦੇਣ ਲੱਗੇ।