ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ‘ਤੇ ਰਾਤ ਸਾਢੇ ਅੱਠ ਵਜੇ ਪਹੁੰਚਣ ਮਗਰੋਂ ਅਮਰੀਕਨ ਵੈੱਬਸਾਈਟ ‘ਵਾਈਸ ਨਿਊਜ਼’ ਲਈ ਕੰਮ ਕਰਨ ਵਾਲੇ ਅਮਰੀਕਨ ਪੱਤਰਕਾਰ ਅੰਗਦ ਸਿੰਘ ਨੂੰ ਤੁਰੰਤ ਬਾਅਦ ਨਿਊਯਾਰਕ ਲਈ ਵਾਪਸ ਭੇਜ ਦਿੱਤਾ ਗਿਆ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਫੇਸਬੁੱਕ ਪੋਸਟ ‘ਚ ਇਹ ਗੱਲ ਦਾ ਦਾਅਵਾ ਕੀਤਾ। ‘ਵਾਈਸ ਨਿਊਜ਼’ ਲਈ ਏਸ਼ੀਆ ਕੇਂਦਰਿਤ ਡਾਕੂਮੈਟਰੀ ਬਣਾਉਣ ਵਾਲੇ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਦੇ ਅਨੁਸਾਰ ਉਨ੍ਹਾਂ ਦਾ ਬੇਟਾ ਨਿੱਜੀ ਯਾਤਰਾ ਲਈ ਪੰਜਾਬ ਆ ਰਿਹਾ ਸੀ ਅਤੇ ਉਹ ਅਮਰੀਕਨ ਨਾਗਰਿਕ ਹੈ। ਉਹ 14 ਘੰਟਿਆਂ ਦੀ ਯਾਤਰਾ ਕਰਕੇ ਦਿੱਲੀ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਸ ਨੂੰ ਨਿਊਯਾਰਕ ਦੀ ਅਗਲੀ ਫਲਾਈਟ ‘ਚ ਬਿਠਾ ਕੇ ਵਾਪਸ ਨਿਊਯਾਰਕ ਭੇਜ ਦਿੱਤਾ। ਮਾਤਾ ਗੁਰਮੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਵਾਪਸ ਭੇਜੇ ਜਾਣ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। ਪਰ ਅਸੀਂ ਜਾਣਦੇ ਹਾਂ ਕਿ ਪੁਰਸਕਾਰ ਜਿੱਤਣ ਵਾਲੀ ਪੱਤਰਕਾਰਤਾ ਕੋਲੋਂ ਡਰ ਕੇ ਉਸ ਨਾਲ ਇਸ ਤਰ੍ਹਾਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਅੰਗਦ ਸਿੰਘ ਨੇ ਇੰਡੀਆ ‘ਚ ਕੋਵਿਡ-19 ਮਹਾਮਾਰੀ ਅਤੇ ਕਿਸਾਨਾਂ ਵਿਰੁੱਧ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਕਾਨੂੰਨਾਂ ਖ਼ਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਡਾਕੂਮੈਂਟਰੀ ਫ਼ਿਲਮ ਵੀ ਬਣਾਈ। ਸੀ। ਇਸ ਤੋਂ ਇਲਾਵਾ ਉਸ ਨੂੰ ਪਿਛਲੇ ਸਾਲ ਕਰੋਨਾ ਦੇ ਜਾਨਲੇਵਾ ਡੈਲਟਾ ਵੇਰੀਐਂਟ ਦੀ ਕਵਰੇਜ ਲਈ ਐਮੀ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਮਾਂ ਗੁਰਮੀਤ ਕੌਰ ਨੇ ਕਿਹਾ ਕਿ ਅੰਗਦ ਆਪਣੀ ਮਾਤਭੂਮੀ ਨਾਲ ਬਹੁਤ ਪਿਆਰ ਕਰਦਾ ਹੈ। ਉਹ ਵੌਇਸ ਨਿਊਜ਼ ਲਈ ਵੀ ਬਿਹਤਰੀਨ ਕੰਮ ਕਰ ਰਿਹਾ ਹੈ।