ਕੈਲੀਫੋਰਨੀਆ ਦੇ ਮਰਸਡ ਕਾਊਂਟੀ ‘ਚ ਅਗਵਾ ਕੀਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਨਾਲ ਸਬੰਧਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ‘ਚ ਇਕ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਨ੍ਹਾਂ ਚਾਰਾਂ ਨੂੰ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਰਸਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨੇਕੇ ਨੇ ਦੱਸਿਆ ਕਿ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਅਤੇ ਹਚਿਨਸਨ ਰੋਡ ਨੇੜੇ ਬਾਗ ਵਿੱਚੋਂ ਮਿਲੀਆਂ ਹਨ। ਬਾਗ ਦੇ ਕੋਲ ਖੇਤਾਂ ‘ਚ ਕੰਮ ਕਰ ਰਹੇ ਮਜ਼ਦੂਰ ਨੇ ਲਾਸ਼ਾਂ ਦੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸਾਰੀਆਂ ਲਾਸ਼ਾਂ ਇਕੱਠੀਆਂ ਮਿਲੀਆਂ ਹਨ। ਸ਼ੈਰਿਫ ਨੇ ਮਾਮਲੇ ਦੇ ਸ਼ੱਕੀ ਜੀਸਸ ਮੈਨੂਅਲ ਸਲਗਾਡੋ ਬਾਰੇ ਕਿਹਾ, ‘ਇਸ ਆਦਮੀ ਨੂੰ ਨਰਕ ‘ਚ ਜਗ੍ਹਾ ਮਿਲੇਗੀ।’ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਨੂੰ ਅਗਵਾ ਕਰਨ ਵਾਲੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ‘ਚ ਪਹਿਲਾਂ ਜਸਦੀਪ ਅਤੇ ਅਮਨਦੀਪ ਘਰ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਇਸ ਤੋਂ ਬਾਅਦ ਅਗਵਾਕਾਰ ਜਸਲੀਨ ਅਤੇ ਅੱਠ ਮਹੀਨੇ ਦੀ ਬੱਚੀ ਨੂੰ ਬਾਹਰ ਕੱਢਦਾ ਨਜ਼ਰ ਆ ਰਿਹਾ ਹੈ। ਸ਼ੱਕੀ ਸਾਲਗਾਡੋ ਨੂੰ ਮੰਗਲਵਾਰ ਦੁਪਹਿਰ ਨੂੰ ਹਿਰਾਸਤ ‘ਚ ਲਿਆ ਗਿਆ। ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹਸਪਤਾਲ ‘ਚ ਦਾਖ਼ਲ ਹੈ। ਜਸਲੀਨ ਕੌਰ ਦਾ ਪਿਛੋਕੜ ਜਲੰਧਰ ਦੇ ਭੋਗਪੁਰ ਦੇ ਪਿੰਡ ਜੰਡੀਰਾਂ ਨਾਲ ਸਬੰਤ ਹੈ। ਪੰਜਾਬ ਦੇ ਇਨ੍ਹਾਂ ਦੋਹਾਂ ਪਿੰਡਾਂ ‘ਚ ਲਾਸ਼ਾਂ ਮਿਲਣ ਦੀ ਗੱਲ ਸਾਹਮਣੇ ਆਉਣ ‘ਤੇ ਸੋਗ ਫੈਲ ਗਿਆ। ਅੱਜ ਸਵੇਰੇ ਹੀ ਉਕਤ ਪੰਜਾਬੀਆਂ ਦੀ ਮੌਤ ਦੀ ਖ਼ਬਰ ਸਬੰਧੀ ਵਿਦੇਸ਼ ਤੋਂ ਟੈਲੀਫੋਨ ਆਉਂਦਿਆਂ ਹੀ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਅਤੇ ਪੂਰੇ ਪਰਿਵਾਰ ‘ਚ ਚੀਕ-ਚਿਹਾੜਾ ਪੈ ਗਿਆ। ਇਸ ਮੌਕੇ ਜਸਲੀਨ ਦੇ ਪਿਤਾ ਸਤਨਾਮ ਸਿੰਘ ਉਸ ਦੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ। ਦੂਜੇ ਪਾਸੇ ਅਮਨਦੀਪ ਸਿੰਘ ਤੇ ਜਸਦੀਪ ਸਿੰਘ ਦੇ ਪਿਤਾ ਡਾ. ਰਣਧੀਰ ਸਿੰਘ ਤੇ ਮਾਂ ਕਿਰਪਾਲ ਕੌਰ ਅਮਰੀਕਾ ਲਈ ਰਵਾਨਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਉਹ ਹਾਲੇ 29 ਸਤੰਬਰ ਨੂੰ ਹੀ ਅਮਰੀਕਾ ਤੋਂ ਪਰਤੇ ਸਨ।