ਅਮਰੀਕਾ ਦੇ ਕੇਂਟੁਕੀ ਸੂਬੇ ਦੇ ਗਵਰਨਰ ਨੇ ਕਿਹਾ ਕਿ ਅਪਲਾਚੀਆ ਦੇ ਸ਼ਹਿਰਾਂ ’ਚ ਮੂਸਲੇਧਾਰ ਮੀਂਹ ਕਾਰਨ ਅਚਾਨਕ ਆਏ ਹਡ਼੍ਹ ਕਾਰਨ ਚਾਰ ਬੱਚਿਆਂ ਸਮੇਤ ਘੋਟ-ਘੱਟ 25 ਲੋਕਾਂ ਦੀ ਮੌਤ ਹੋ ਗਈ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਇਸ ਕੁਦਰਤੀ ਆਫਤ ’ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਅਤੇ ਭਿਆਨਕ ਹਡ਼੍ਹ ਦੀ ਲਪੇਟ ’ਚ ਆਏ ਲੋਕਾਂ ਦੀ ਭਾਲ ਕਰਨ ’ਚ ਕਈ ਹਫਤੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੇ ਹਾਂ। ਮੀਂਹ ਰੁਕਣ ਕਾਰਨ ਥੋਡ਼੍ਹੀ ਰਾਹਤ ਮਿਲੀ ਪਰ ਐਤਵਾਰ ਨੂੰ ਮੀਂਹ ਫਿਰ ਪੈਣ ਕਰਕੇ ਬਚਾਅ ਮੁਹਿੰਮ ’ਚ ਵੀ ਅਡ਼ਿੱਕਾ ਪਿਆ। ਗਵਰਨਰ ਮੁਤਾਬਕ ਬਚਾਅ ਦਲ ਨੇ ਹੈਲੀਕਾਪਟਰ ਅਤੇ ਕਿਸ਼ਤੀਆਂ ਦੀ ਮਦਦ ਨਾਲ 1200 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੂਰਬੀ ਕੈਂਟਕੀ ਦੇ ਕੁਝ ਹਿੱਸਿਆਂ ’ਚ ਪਿਛਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦਰਜ ਕੀਤਾ ਗਿਆ ਹੈ।