ਉੱਘੀ ਇੰਡੋ-ਅਮਰੀਕਨ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ‘ਚ ਲਿਜਾਣ ਵਾਲੀ ‘ਨਵੀਂ ਆਗੂ’ ਹੋ ਸਕਦੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ‘ਤੇ ਜੋਅ ਬਾਇਡਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ। ਫੌਕਸ ਨਿਊਜ਼ ਨਾਲ ਇਕ ਇੰਟਰਵਿਊ ‘ਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ‘ਚ ਅਮਰੀਕਨ ਰਾਜਦੂਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋ ਰਹੀ ਹੈ, 51 ਸਾਲਾ ਨੇਤਾ ਨੇ ਕਿਹਾ, ‘ਮੈਨੂੰ ਲੱਗਦਾ ਹੈ, ਤੁਸੀਂ ਨਜ਼ਰ ਰੱਖੋ। ਖੈਰ, ਮੈਂ ਇਥੇ ਕੋਈ ਐਲਾਨ ਨਹੀਂ ਕਰਨ ਜਾ ਰਹੀ ਹਾਂ।’ ਹਾਲਾਂਕਿ, ਇੰਟਰਵਿਊ ਦੌਰਾਨ ਹੇਲੀ ਨੇ ਸੰਕੇਤ ਦਿੱਤਾ ਕਿ ਉਹ ਅਮਰੀਕਾ ਦੀ ਨਵੀਂ ਨੇਤਾ ਹੋ ਸਕਦੀ ਹੈ। ਹੇਲੀ ਨੇ ਕਿਹਾ, ‘ਪਰ ਜਦੋਂ ਤੁਸੀਂ ਰਾਸ਼ਟਰਪਤੀ ਅਹੁਦੇ ਦੀ ਦੌੜ ਨੂੰ ਦੇਖ ਰਹੇ ਹੋ ਤਾਂ ਤੁਸੀਂ ਦੋ ਚੀਜ਼ਾਂ ਨੂੰ ਦੇਖਦੇ ਹੋ। ਤੁਸੀਂ ਪਹਿਲਾਂ ਦੇਖੋ ਕਿ ਕੀ ਮੌਜੂਦਾ ਸਥਿਤੀ ਨਵੀਂ ਲੀਡਰਸ਼ਿਪ ਦਾ ਸੰਕੇਤ ਦੇ ਰਹੀ ਹੈ? ਦੂਸਰਾ ਸਵਾਲ ਇਹ ਹੈ ਕਿ ਕੀ ਮੈਂ ਉਹ ਵਿਅਕਤੀ ,ਹਾਂ ਜੋ ਇਕ ਨਵੇਂ ਨੇਤਾ ਵਜੋਂ ਉਭਰ ਸਕਦਾ ਹਾਂ, ਹਾਂ, ਸਾਨੂੰ ਇਕ ਨਵੀਂ ਦਿਸ਼ਾ ‘ਚ ਜਾਣ ਦੀ ਲੋੜ ਹੈ? ਅਤੇ ਕੀ ਮੈਂ ਉਹ ਨੇਤਾ ਹੋ ਸਕਦੀ ਹਾਂ? ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਉਹ ਨੇਤਾ ਹੋ ਸਕਦੀ ਹਾਂ।’ ਅਕਤੂਬਰ 2018 ‘ਚ ਟਰੰਪ ਪ੍ਰਸ਼ਾਸਨ ਤੋਂ ਅਸਤੀਫਾ ਦੇਣ ਵਾਲੀ ਹੇਲੀ ਨੇ ਕਿਹਾ ਕਿ ਉਨ੍ਹਾਂ ਨੇ ਗਵਰਨਰ ਅਤੇ ਰਾਜਦੂਤ ਦੇ ਤੌਰ ‘ਤੇ ਸ਼ਾਨਦਾਰ ਕੰਮ ਕੀਤਾ ਹੈ। ਲੁਈਸਿਆਨਾ ਦੇ ਸਾਥੀ ਰਿਪਬਲਿਕਨ ਬੌਬੀ ਜਿੰਦਲ ਤੋਂ ਬਾਅਦ ਭਾਰਤੀ ਮੂਲ ਦੀ ਦੂਜੀ ਗਵਰਨਰ ਹੇਲੀ ਨੇ ਕਿਹਾ ਕਿ ਇਹ ਰਿਪਬਲਿਕਨ ਪਾਰਟੀ ‘ਚ ਨਵੀਂ ਲੀਡਰਸ਼ਿਪ ਦਾ ਸਮਾਂ ਹੈ। ਇੰਟਰਵਿਊ ਦੌਰਾਨ ਹੇਲੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਕ ਡੈਮੋਕਰੇਟ ਰਾਸ਼ਟਰਪਤੀ ਬਾਇਡਨ ਨੂੰ ਦੂਜਾ ਕਾਰਜਕਾਲ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕਬ ਰਾਸ਼ਟਰਪਤੀ ਦੀ ਅਗਲੀ ਚੋਣ 5 ਨਵੰਬਰ 2024 ਨੂੰ ਹੋਣੀ ਹੈ।