ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਜੇਕਰ ਇਹ ਮੰਦੀ ਦੀ ਲਪੇਟ ’ਚ ਆ ਜਾਂਦਾ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ ’ਤੇ ਦੇਖਿਆ ਜਾ ਸਕਦਾ ਹੈ। ਪਰ ਇਹ ਅਸਲੀਅਤ ਹੈ ਕਿ ਅਮਰੀਕਾ ਦੀ ਅਰਥਵਿਵਸਥਾ ’ਚ ਲਗਾਤਾਰ ਦੂਜੀ ਤਿਮਾਹੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਦੇਸ਼ ’ਚ ਮੰਦੀ ਦਾ ਡਰ ਹੋਰ ਡੂੰਘਾ ਹੋ ਗਿਆ ਹੈ। ਮੌਜੂਦਾ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਅਮਰੀਕੀ ਅਰਥਵਿਵਸਥਾ ’ਚ ਸਾਲਾਨਾ ਆਧਾਰ ’ਤੇ 0.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਆਰਥਿਕ ਵਿਕਾਸ ਦੀ ਰਫ਼ਤਾਰ ਮੱਠੀ ਹੋਈ ਹੈ। ਵਣਜ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕਡ਼ਿਆਂ ਮੁਤਾਬਕ ਇਸ ਤੋਂ ਪਹਿਲਾਂ ਜਨਵਰੀ-ਮਾਰਚ ਤਿਮਾਹੀ ’ਚ ਜੀਡੀਪੀ (ਕੁੱਲ ਘਰੇਲੂ ਉਤਪਾਦ) ’ਚ 1.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਲਗਾਤਾਰ ਦੋ ਤਿਮਾਹੀਆਂ ’ਚ ਜੀ.ਡੀ.ਪੀ. ’ਚ ਗਿਰਾਵਟ ਮੰਦੀ ਦਾ ਸੰਕੇਤ ਹੈ। ਹਾਲਾਂਕਿ ਅੰਕਡ਼ਾ ਅਜੇ ਫਿਕਸ ਨਹੀਂ ਹੈ, ਇਹ ਬਦਲ ਸਕਦੇ ਹਨ। ਇਸ ਨੂੰ ਹੁਣ ਦੋ ਵਾਰ ਸੋਧਿਆ ਜਾਵੇਗਾ। ਪਿਛਲੇ ਸਾਲ ਦੂਜੀ ਤਿਮਾਹੀ ’ਚ ਦੇਸ਼ ਦੀ ਅਰਥਵਿਵਸਥਾ 6.7 ਫ਼ੀਸਦੀ ਦੀ ਦਰ ਨਾਲ ਵਧੀ ਸੀ। ਜੀ.ਡੀ.ਪੀ. ’ਚ ਗਿਰਾਵਟ ਦੇ ਅੰਕਡ਼ੇ ਅਜਿਹੇ ਸਮੇਂ ’ਚ ਜਾਰੀ ਕੀਤੇ ਗਏ ਹਨ ਜਦੋਂ ਖਪਤਕਾਰ ਅਤੇ ਕੰਪਨੀਆਂ ਵਧਦੀ ਮਹਿੰਗਾਈ ਅਤੇ ਕਰਜ਼ੇ ਦੀ ਉੱਚ ਕੀਮਤ ਕਾਰਨ ਪ੍ਰਭਾਵਿਤ ਹਨ। ਲਗਾਤਾਰ ਦੋ ਤਿਮਾਹੀਆਂ ਲਈ ਆਰਥਿਕਤਾ ’ਚ ਗਿਰਾਵਟ ਨੂੰ ਮੰਦੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਅਮਰੀਕਨ ਅਰਥਵਿਵਸਥਾ ’ਚ ਸਾਲ ਦਰ ਸਾਲ 1.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਸਪਲਾਈ ਚੇਨ ਸਮੱਸਿਆਵਾਂ, ਵਸਤੂਆਂ ਦੀਆਂ ਵਧਦੀਆਂ ਕੀਮਤਾਂ ਅਤੇ ਲੇਬਰ ਦੀਆਂ ਕੀਮਤਾਂ ਅਤੇ ਮਜ਼ਦੂਰਾਂ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਮਰੀਕਾ ’ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚੇ ਪੱਧਰ ’ਤੇ ਹੈ। ਇਸ ਕਾਰਨ ਦੇਸ਼ ’ਚ ਮੰਦੀ ਦਾ ਡਰ ਵਧਦਾ ਜਾ ਰਿਹਾ ਹੈ।