ਅਮਰੀਕਾ ਦੇ ਕੈਂਟਕੀ ਰਾਜ ’ਚ ਇਕ ਵਿਅਕਤੀ ਨੇ ਪੁਲੀਸ ਟੀਮ ’ਤੇ ਫਾਇਰਿੰਗ ਕੀਤੀ ਜਿਸ ’ਚ 3 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕੈਂਟਕੀ ਰਾਜ ਦੇ ਐਲਨ ਕਸਬੇ ’ਚ ਰਾਤ ਸਮੇਂ ਵਾਪਰੀ, ਜਿਸ ਤੋਂ ਬਾਅਦ ਪੁਲੀਸ ਨੇ 49 ਸਾਲਾ ਦੋਸ਼ੀ ਲਾਂਸ ਸਟੋਰਜ਼ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਟੀਮ ਵਾਰੰਟ ਦੇਣ ਲਈ ਉਸ ਦੇ ਘਰ ਗਈ ਸੀ। ਪੁਲੀਸ ਮੁਤਾਬਕ ਗੋਲੀਬਾਰੀ ਦੀ ਘਟਨਾ ’ਚ ਐਮਰਜੈਂਸੀ ਪ੍ਰਬੰਧਨ ਦਾ ਇਕ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ ਅਤੇ ਪੁਲੀਸ ਦਾ ਇੱਕ ਕੁੱਤਾ ਵੀ ਮਾਰਿਆ ਗਿਆ। ਫਲਾਇਡ ਕਾਊਂਟੀ ਦੇ ਸ਼ੈਰਿਫ ਜੌਨ ਹੰਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ’ਚ 3 ਪੁਲੀਸ ਅਧਿਕਾਰੀ ਮਾਰੇ ਗਏ ਅਤੇ 5 ਹੋਰ ਜ਼ਖ਼ਮੀ ਹੋ ਗਏ। ਹਾਲੇ ਤੱਕ ਇਸ ਫਾਇਰਿੰਗ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਗਿਆ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।