ਪੰਜਾਬ ਦੇ ਬਟਾਲਾ ਤੋਂ ਇਕ ਡਾਕਟਰ ਕਰੀਬ ਅੱਠ ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਉਸ ਦਾ ਰੁਪਿਆਂ ਤੇ ਜ਼ਰੂਰੀ ਕਾਗਜ਼ਾਂ ਨਾਲ ਭਰਿਆ ਬਟੂਆ ਡਿੱਗ ਪਿਆ। ਹੁਣ ਕਈ ਮਹੀਨੇ ਬੀਤ ਜਾਣ ਮਗਰੋਂ ਇਕ ਨੌਜਵਾਨ ਨੇ ਅਮਰੀਕਾ ‘ਚ ਡਿੱਗਿਆ ਬਟੂਆ ਉਸੇ ਤਰ੍ਹਾਂ ਲਿਆ ਕੇ ਇਸ ਡਾਕਟਰ ਨੂੰ ਬਟਾਲਾ ‘ਚ ਆ ਕੇ ਦਿੱਤਾ ਜਿੱਤ ‘ਤੇ ਡਾਕਟਰ ਸਮੇਤ ਉਸ ਦੇ ਪਰਿਵਾਰ ਦੀ ਹੈਰਾਨੀ ਦੀ ਹੱਦ ਨਾ ਰਹੀ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਸੀ। ਉਨ੍ਹਾਂ ਦੀ ਬਟਾਲਾ ਸਥਿਤ ਰਿਹਾਇਸ਼ ‘ਤੇ ਇਕ ਨੌਜਵਾਨ ਬਟੂਆ ਦੇਣ ਲਈ ਪਹੁੰਚ ਗਿਆ ਜਿਸ ‘ਚ 40 ਹਜ਼ਾਰ ਰੁਪਏ ਤੇ ਕਈ ਅਹਿਮ ਦਸਤਾਵੇਜ਼ ਸਨ। ਦੱਸਣਯੋਗ ਹੈ ਕਿ ਫਰਵਰੀ ‘ਚ ਡਾ. ਨਿੱਝਰ ਆਪਣੀ ਬੇਟੀ ਕੋਲ ਲਾਸ ਏਂਜਲਸ ਗਏ ਸਨ ਤੇ ਸਵੇਰ ਦੀ ਸੈਰ ਦੌਰਾਨ ਬਟੂਆ ਗੁਆ ਬੈਠੇ। ਉਨ੍ਹਾਂ ਦੇ ਪਰਿਵਾਰ ਨੇ ਪੂਰਾ ਇਲਾਕਾ ਛਾਣਿਆ ਪਰ ਬਟੂਆ ਨਹੀਂ ਮਿਲ ਸਕਿਆ। ਮਗਰੋਂ ਡਾ।. ਨਿੱਝਰ ਵਾਪਸ ਇੰਡੀਆ ਆ ਗਏ ਤੇ ਉਨ੍ਹਾਂ ਨਵੇਂ ਦਸਤਾਵੇਜ਼ ਬਣਾ ਲਏ। ਹਾਲਾਂਕਿ ਦਸਤਾਵੇਜ਼ ਗੁਆਚਣ ਤੇ ਉਨ੍ਹਾਂ ਨੂੰ ਮੁੜ ਤਿਆਰ ਕਰਨ ਦੀ ਮੁਸ਼ਕਲ ਬਾਰੇ ਉਹ ਜ਼ਿਕਰ ਕਰਦੇ ਰਹੇ। ਦਰਅਸਲ ਬਟੂਆ ਅਮਰੀਕਾ ‘ਚ ਡਾ. ਨਿੱਝਰ ਦੀ ਧੀ ਦੀ ਰਿਹਾਇਸ਼ ਨੇੜੇ ਰਹਿੰਦੇ ਅਟਾਰਨੀ ਸਕੌਟ ਸਮਿੱਥ ਨੂੰ ਮਿਲ ਗਿਆ ਸੀ। ਉਨ੍ਹਾਂ ਪੈਨ ਕਾਰਡ ‘ਤੇ ਡਾ. ਨਿੱਝਰ ਦੀ ਫੋਟੋ ਦੇਖ ਕੇ ਇਸ ਨੂੰ ਵਰਮੌਂਟ ਦੇ ਗੁਰਦੁਆਰੇ ਦੇ ਗ੍ਰੰਥੀ ਸਰਬਜੀਤ ਸਿੰਘ ਨੂੰ ਫੜਾ ਦਿੱਤਾ। ਕਈ ਮਹੀਨੇ ਗ੍ਰੰਥੀ ਸਰਬਜੀਤ ਸਿੰਘ ਪੈਨ ਕਾਰਡ ਦੀ ਫੋਟੋ ਦਿਖਾ ਕੇ ਲੋਕਾਂ ਨੂੰ ਡਾ. ਸਤਨਾਮ ਬਾਰੇ ਪੁੱਛਦੇ ਰਹੇ ਪਰ ਕਈ ਮਹੀਨੇ ਬੀਤਣ ‘ਤੇ ਵੀ ਕੁਝ ਪਤਾ ਨਹੀਂ ਲੱਗਾ। ਇਸੇ ਹਫਤੇ ਸਰਬਜੀਤ ਸਿੰਘ ਜਦ ਆਪਣੇ ਸ਼ਹਿਰ ਜਲੰਧਰ ਆਏ ਤਾਂ ਉਨ੍ਹਾਂ ਨਿੱਝਰ ਦੀ ਰਿਹਾਇਸ਼ ਬਾਰੇ ਪਤਾ ਲਾਉਣ ਲਈ ਸਥਾਨਕ ਆਮਦਨ ਕਰ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ। ਉਥੋਂ ਵੇਰਵੇ ਮਿਲਣ ‘ਤੇ ਉਨ੍ਹਾਂ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਡਾ. ਨਿੱਝਰ ਦਾ ਬਟੂਆ ਦੇਣ ਲਈ ਭੇਜਿਆ। ਉਨ੍ਹਾਂ ਬਟੂਆ ਡਾਕਟਰ ਨੂੰ ਸੌਂਪ ਕੇ ਫੋਟੋਆਂ ਖਿੱਚੀਆਂ ਤੇ ਸਕੌਟ ਸਮਿੱਥ ਨੂੰ ਅਮਰੀਕਾ ਭੇਜੀਆਂ।