ਅਮਰੀਕਨ ਮੈਰੀਨ ਕੋਰ ‘ਚ ਭਰਤੀ ਲਈ ਤਿੰਨ ਸੰਭਾਵੀ ਸਿੱਖ ਉਮੀਦਵਾਰਾਂ ਨੇ ਅਮਰੀਕਨ ਫੈਡਰਲ ਕੋਰਟ ‘ਚ ਐਮਰਜੰਸੀ ਅਪੀਲ ਦਾਖਲ ਕਰਕੇ ਆਪਣੇ ਲਾਜ਼ਮੀ ਧਾਰਮਿਕ ਚਿਨ੍ਹਾਂ ਜਿਵੇਂ ਕੇਸ, ਦਾੜ੍ਹੀ ਤੇ ਪੱਗ ਨਾਲ ਹੀ ਬੁਨਿਆਦੀ ਸਿਖਲਾਈ ਲੈਣ ਦੀ ਇਜਾਜ਼ਤ ਮੰਗੀ ਹੈ। ਕੋਲੰਬੀਆ ਦੀ ਜ਼ਿਲ੍ਹਾ ਕੋਰਟ ਦੇ ਜੱਜਾਂ ਨੇ ਆਕਾਸ਼ ਸਿੰਘ, ਜਸਕੀਰਤ ਸਿੰਘ ਤੇ ਮਿਲਾਪ ਸਿੰਘ ਚਾਹਲ ਵੱਲੋਂ ਮੈਰੀਨ ਕੋਰ ਦੇ ਕਮਾਂਡੈਂਟ ਡੇਵਿਡ ਐੱਚ. ਬਰਜਰ ਖ਼ਿਲਾਫ਼ ਦਾਖ਼ਲ ਅਪੀਲ ‘ਤੇ ਮੰਗਲਵਾਰ ਨੂੰ ਸੁਣਵਾਈ ਕੀਤੀ ਸੀ। ‘ਮੈਰੀਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਹੇਠਲੀ ਕੋਰਟ ਵੱਲੋਂ ਅਪੀਲ ਰੱਦ ਕੀਤੇ ਜਾਣ ਮਗਰੋਂ ਸਿੱਖ ਉਮੀਦਵਾਰਾਂ ਨੇ ਸਤੰਬਰ ‘ਚ ਡੀਸੀ ਸਰਕਟ ਦੀ ਅਮਰੀਕਨ ਅਪੀਲੀ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਸੀ। ਉਧਰ ਮੈਰੀਨਜ਼ ਨੇ ਦਾਅਵਾ ਕੀਤਾ ਸੀ ਕਿ ਕੌਮੀ ਹਿੱਤਾਂ ਦੇ ਮੱਦੇਨਜ਼ਰ ਰੰਗਰੂਟਾਂ ‘ਚ ਇਕਸਾਰਤਾ ਬਣਾਈ ਰੱਖਣ ਲਈ ਕੋਰ ਨੇਮਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ। ਅਮਰੀਕਨ ਨਿਆਂ ਵਿਭਾਗ ਦੇ ਵਕੀਲ ਬ੍ਰਾਇਨ ਸਪਰਿੰਗਰ, ਜੋ ਮੈਰੀਨ ਕੋਰ ਦੀ ਨੁਮਾਇੰਦਗੀ ਕਰ ਰਹੇ ਹਨ, ਨੇ ਕਿਹਾ ਕਿ ਅਮਰੀਕਨ ਜਲਸੈਨਾ ਨੂੰ ਬੁਨਿਆਦੀ ਸਿਖਲਾਈ ਦੌਰਾਨ ਨਵੇਂ ਰੰਗਰੂਟਾਂ ‘ਚ ਇਕਸਾਰਤਾ ਬਣਾਈ ਰੱਖਣ ਲਈ ਜ਼ੋਰ ਪਾਉਣ ਦਾ ਅਧਿਕਾਰ ਹੈ। ਉਧਰ ਜੱਜ ਪੈਟਰੀਸ਼ੀਆ ਮਿਲੇਟ ਨੇ ਕਿਹਾ ਕਿ ਇਹ ਦਲੀਲ ਬਿਲਕੁਲ ਬੇਤੁਕੀ ਹੈ ਕਿਉਂਕਿ ਬੂਟ ਕੈਂਪ ਦੌਰਾਨ ਕੋਈ ਵੀ ਰੰਗਰੂਟ ਸੁਰੱਖਿਆ ਬਲ ਵਜੋਂ ਬਾਹਰ ਨਹੀਂ ਜਾ ਰਿਹਾ ਹੈ। ਸਿੱਖ ਧਰਮ ‘ਚ ਪੁਰਸ਼ਾਂ ਨੂੰ ਕੇਸ ਤੇ ਦਾੜ੍ਹੀ ਕੱਟਣ ਦੀ ਮਨਾਹੀ ਹੈ। ਕੇਸ ਤੋਂ ਇਲਾਵਾ ਪੰਜ ਕਕਾਰਾਂ ‘ਚ ਕੰਘਾ, ਕਿਰਪਾਨ, ਕੜਾ ਤੇ ਕਛਹਿਰਾ ਸ਼ਾਮਲ ਹਨ। ਉਂਜ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਿੱਖ ਰੰਗਰੂਟਾਂ ਨੇ ਨੇਮਾਂ ‘ਚ ਛੋਟ ਮੰਗੀ ਹੈ। ਪਿਛਲੇ ਸਾਲ ਕੋਰ ਨੇ ਮੈਰੀਨ ਕੈਪਟਨ ਸੁਖਬੀਰ ਸਿੰਘ ਤੂਰ ਤੇ ਹੋਰਨਾਂ ਨੂੰ ਦਾੜ੍ਹੀ ਰੱਖਣ, ਸਿਰ ‘ਤੇ ਦਸਤਾਰ ਸਜਾਉਣ ਤੇ ਫ਼ੌਜੀ ਵਰਦੀ ਨਾਲ ਆਪਣੇ ਧਾਰਮਿਕ ਚਿਨ੍ਹ ਧਾਰਨ ਕਰਨ ਦੀ ਖੁੱਲ੍ਹ ਦਿੱਤੀ ਸੀ।