ਅੱਠ ਨਵੰਬਰ ਨੂੰ ਅਮਰੀਕਨ ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੀ ਦੌੜ ‘ਚ ਭਾਰਤੀ ਮੂਲ ਦੇ 5 ਅਮਰੀਕਨ ਨਾਗਰਿਕ ਵੀ ਸ਼ਾਮਲ ਹਨ। ਜੇਕਰ ਚੋਣ ਵਿਸ਼ਲੇਸ਼ਕਾਂ ਦੀ ਰਾਏ ਮੰਨੀ ਜਾਵੇ ਤਾਂ ਇਨ੍ਹਾਂ ਭਾਰਤੀ-ਅਮਰੀਕਨਾਂ ਦੇ ਪ੍ਰਤੀਨਿਧੀ ਸਭਾ ਲਈ ਚੁਣੇ ਜਾਣ ਦੀ ਸੌ ਫ਼ੀਸਦੀ ਸੰਭਾਵਨਾ ਹੈ। ਚਾਰ ਮੌਜੂਦਾ ਸੰਸਦ ਮੈਂਬਰ ਐਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਦੇ ਮੁੜ ਚੁਣੇ ਜਾਣ ਦੀ ਉਮੀਦ ਹੈ। ਚਾਰੋਂ ਡੈਮੋਕ੍ਰੇਟਿਕ ਪਾਰਟੀ ਦੇ ਹਨ। ਪ੍ਰਤੀਨਿਧੀ ਸਭਾ ‘ਚ ਭਾਰਤੀ ਅਮਰੀਕਨਾਂ ਦੇ ਤਥਾ-ਕਥਿਤ ‘ਸਮੋਸਾ ਕਾਕਸ’ ਵਿੱਚ ਉਦਯੋਗਪਤੀ ਅਤੇ ਕਾਰੋਬਾਰੀ ਥਾਣੇਦਾਰ ਵੀ ਸ਼ਾਮਲ ਹੋ ਸਕਦੇ ਹਨ, ਜੋ ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਚੋਣ ਲੜ ਰਹੇ ਹਨ। ਇਨ੍ਹਾਂ ‘ਚ ਸਭ ਤੋਂ ਸੀਨੀਅਰ ਮੈਂਬਰ ਬੇਰਾ ਕੈਲੀਫੋਰਨੀਆ ਦੇ ਸੱਤਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਪ੍ਰਤੀਨਿਧੀ ਸਭਾ ਲਈ ਛੇਵੀਂ ਵਾਰ ਚੋਣ ਲੜ ਰਹੇ ਹਨ। ਉਥੇ ਹੀ ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਲਗਾਤਾਰ ਚੌਥੀ ਵਾਰ ਦੌੜ ‘ਚ ਹਨ। ਸਿਆਸੀ ਮਾਹਿਰਾਂ ਅਨੁਸਾਰ ਚਾਰੇ ਉਮੀਦਵਾਰ ਆਪਣੇ ਰਿਪਬਲਿਕਨ ਵਿਰੋਧੀਆਂ ਦੇ ਮੁਕਾਬਲੇ ਮਜ਼ਬੂਤ ਸਥਿਤੀ ‘ਚ ਹਨ ਅਤੇ ਥਾਣੇਦਾਰ ਦੀ ਸਥਿਤੀ ਵੀ ਮਜ਼ਬੂਤ ਨਜ਼ਰ ਆ ਰਹੀ ਹੈ। ਥਾਣੇਦਾਰ ਜੇਕਰ ਚੁਣੇ ਜਾਂਦੇ ਹਨ ਤਾਂ ਬੇਰਾ, ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਦੇ ਨਾਲ ਅਗਲੀ ਕਾਂਗਰਸ ‘ਚ ਪੰਜਵੇਂ ਭਾਰਤੀ-ਅਮਰੀਕਨ ਹੋਣਗੇ। ਚੇਨਈ ‘ਚ ਜਨਮੀ ਜੈਪਾਲ (57) ਪ੍ਰਤੀਨਿਧੀ ਸਭਾ ਲਈ ਚੁਣੀ ਜਾਣ ਵਾਲੀ ਪਹਿਲੀ ਅਤੇ ਇਕਲੌਤੀ ਭਾਰਤੀ-ਅਮਰੀਕਨ ਔਰਤ ਹੈ। ਇਕ ਹੋਰ ਭਾਰਤੀ-ਅਮਰੀਕਨ ਇਸ ਚੋਣ ‘ਚ ਮੈਰੀਲੈਂਡ ਸੂਬੇ ‘ਚ ਇਤਿਹਾਸ ਰਚਣ ਲਈ ਤਿਆਰ ਹੈ। ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਸਾਬਕਾ ਮੈਂਬਰ ਅਰੁਣਾ ਮਿਲਰ ਡੈਮੋਕ੍ਰੇਟਿਕ ਪਾਰਟੀ ਦੀ ਟਿਕਟ ‘ਤੇ ਸੂਬੇ ਦੇ ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਚੋਣ ਲੜ ਰਹੀ ਹੈ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਉਨ੍ਹਾਂ ਦੀ ਜਿੱਤ ਯਕੀਨੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਮੈਰੀਲੈਂਡ ‘ਚ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਹੋਵੇਗੀ। ਇਸ ਦੌਰਾਨ ਡੈਮੋਕਰੇਟਸ ਅਤੇ ਰਿਪਬਲਿਕਨ ਉਮੀਦਵਾਰਾਂ ਨੇ 8 ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਭਾਰਤੀ-ਅਮਰੀਕਨਾਂ ਤੱਕ ਪਹੁੰਚਣ ਲਈ ਯਤਨ ਤੇਜ਼ ਕਰ ਦਿੱਤੇ ਹਨ।