ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਵਿਨੀਪੈਗ ਪੁਲੀਸ ਨੇ ਡੁਬਈ ਤੋਂ ਕੈਨੇਡਾ ਲਿਆਂਦੀ ਜਾ ਰਹੀ ਤਕਰੀਬਨ 3.4 ਮਿਲੀਅਨ ਡਾਲਰ ਦੀ ਡਰੱਗ ਫੜੀ ਗਈ ਹੈ। ਇਸ ਬਰਾਮਦਗੀ ‘ਚ ਅਫੀਮ ਅਤੇ ਹੈਰੋਇਨ ਸ਼ਾਮਲ ਹੈ। ਇਸ ਮਾਮਲੇ ‘ਚ ਵਿਨੀਪੈਗ ਨਾਲ ਸਬੰਧਤ 10 ਜਣਿਆਂ ‘ਤੇ ਵੱਖ-ਵੱਖ ਚਾਰਜ ਲਗਾਏ ਗਏ ਹਨ ਅਤੇ ਗ੍ਰਿਫ਼ਤਾਰ ਹੋਣ ਵਾਲਿਆਂ ‘ਚ ਪੰਜਾਬੀ ਮੂਲ ਦਾ 35 ਸਾਲਾ ਹਰਪ੍ਰੀਤ ਸੰਧੂ ਅਤੇ 39 ਸਾਲਾ ਗੁਰਪ੍ਰੀਤ ਮਾਨ (39) ਤੋਂ ਇਲਾਵਾ ਇਕ 26 ਸਾਲਾ ਪੰਜਾਬਣ ਮਨੀਸ਼ਾ ਕੌਰ ਸੰਧੂ ਵੀ ਸ਼ਾਮਲ ਹੈ। ਵਿਨੀਪੈਗ ਪੁਲੀਸ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਦੋ ਸਾਂਝੀਆਂ ਜਾਂਚਾਂ ਤੋਂ ਬਾਅਦ ਵਿਨੀਪੈਗ ਦੇ 10 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 3.5 ਮਿਲੀਅਨ ਡਾਲਰ ਤੋਂ ਵੱਧ ਦੀ ਹੈਰੋਇਨ ਅਤੇ ਅਫੀਮ ਜ਼ਬਤ ਕੀਤੀ ਗਈ ਹੈ। ਇਹ ਇਕ ਵੱਡੀ ਖੇਪ ਦੀ ਬਰਾਮਦਗੀ ਹੋਈ ਹੈ। ਇੰਸਪੈਕਟਰ ਏਲਟਨ ਹਾਲ ਨੇ ਨਿਊਜ਼ ਕਾਨਫਰੰਸ ‘ਚ ਪੱਤਰਕਾਰਾਂ ਨੂੰ ਦੱਸਿਆ ਹੈਰੋਇਨ ਦੀ ਵਰਤੋਂ ਕਿਤੇ ਜ਼ਿਆਦਾ ਖ਼ਤਰਨਾਕ ਦਵਾਈਆਂ ਬਣਾਉਣ ਲਈ ਕੀਤੀ ਜਾ ਸਕਦੀ ਹੈ ਜਿਸ ‘ਚ ਪਰਪਲ ਡਾਊਨ, ਫੈਂਟਾਨਿਲ, ਕਾਰਫੈਂਟਾਨਿਲ ਅਤੇ ਅਕਸਰ ਹੈਰੋਇਨ ਦਾ ਮਿਸ਼ਰਣ ਸ਼ਾਮਲ ਹੈ। ਉਨ੍ਹਾਂ ਕਿਹਾ, ‘ਇਹ ਅਸਲ ‘ਚ ਇਥੇ ਲੰਬੇ ਸਮੇਂ ‘ਚ ਹੈਰੋਇਨ ਦੀ ਪਹਿਲੀ ਵੱਡੀ ਬਰਾਮਦਗੀ ਹੈ। ਸਾਨੂੰ ਪਤਾ ਸੀ ਕਿ ਇਹ ਇਥੇ ਸੀ, ਅਸੀਂ ਪਰਪਲ ਡਾਊਨ ਬਾਰੇ ਸੁਣਿਆ। ਮੈਨੂੰ ਲੱਗਦਾ ਹੈ ਕਿ ਇਹ ਇਕ ਮਹੱਤਵਪੂਰਨ ਬਰਾਮਦਗੀ ਹੈ, ਇਹ ਇਕ ਵੱਡੀ ਮਾਤਰਾ ਹੈ।’ ਸਤੰਬਰ 2022 ‘ਚ ਸੀ.ਬੀ.ਐੱਸ.ਏ. ਨੇ ਵਿਨੀਪੈਗ ਪੁਲੀਸ ਨੂੰ ਸੁਚੇਤ ਕੀਤਾ ਕਿ ਡੁਬਈ ਤੋਂ ਵਿਨੀਪੈਗ ‘ਚ ਭੇਜੇ ਗਏ ਕਈ ਗਲੀਚਿਆਂ ‘ਚ ਅਫੀਮ ਦਾ ਪਤਾ ਲਗਾਇਆ ਗਿਆ ਸੀ ਜਿਸ ਨਾਲ ਇਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਦਾ ਸਬੰਧ ਹੈ। ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲੀਸ ਨੇ ਇਨ੍ਹਾਂ ‘ਚ ਬੁਣੇ ਹੋਏ ਅਫੀਮ ਨਾਲ ਭਿੱਜੇ ਹੋਏ ਧਾਗਿਆਂ ਵਾਲੇ ਚਾਰ ਡੱਬੇ ਜ਼ਬਤ ਕੀਤੇ ਹਨ। ਇਕ ਰਸਾਇਣਕ ਪ੍ਰਕਿਰਿਆ ਬਲੈਕ ਟਾਰ ਜਾਂ ਪਾਊਡਰ ਹੈਰੋਇਨ ਬਣਾਉਣ ਲਈ ਡਰੱਗ ਨੂੰ ਕੱਢਦੀ ਹੈ। ਵਿਨੀਪੈਗ ਦੇ ਮੈਪਲਜ਼ ਇਲਾਕੇ ‘ਚ ਸੇਡੋਨਾ ਕ੍ਰੇਸੈਂਟ ‘ਤੇ ਇਕ ਘਰ ਦੀ ਤਲਾਸ਼ੀ ਦੌਰਾਨ ਗਲੀਚਿਆਂ ਨੂੰ ਜ਼ਬਤ ਕੀਤਾ ਗਿਆ ਸੀ।