ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਇਕ ਅਪਾਰਟਮੈਂਟ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 9 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਸੂਬਾਈ ਰਾਜਧਾਨੀ ਉਰੂਮਕੀ ਦੇ ਇਕ ਅਪਾਰਟਮੈਂਟ ‘ਚ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਮੌਸਮ ਦੇ ਬਦਲਣ ਨਾਲ ਇਥੇ ਦਾ ਤਾਪਮਾਨ ਰਾਤ ਨੂੰ ਜ਼ੀਰੋ ਤੋਂ ਹੇਠਾਂ ਚਲਾ ਜਾਂਦਾ ਹੈ। ਅੱਗ ਬੁਝਾਉਣ ਅਤੇ ਰਾਹਤ ਕਾਰਜਾਂ ‘ਚ ਫਾਇਰ ਫਾਈਟਰਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਹਾਦਸੇ ‘ਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਲੋਕ ਜਲਦੀ ਹੀ ਆਪਣੇ ਪਰਿਵਾਰਾਂ ‘ਚ ਸ਼ਾਮਲ ਹੋਣਗੇ। ਸਰਕਾਰ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਅੱਗ ਵੈਲਡਿੰਗ ਦੀ ਚੰਗਿਆੜੀ ਨਾਲ ਲੱਗੀ ਸੀ। ਅਧਿਕਾਰੀਆਂ ਅਨੁਸਾਰ ਉਸ ਸਮੇਂ ਇਸ ਖੇਤਰ ‘ਚ ਸਥਿਤ ਉਦਯੋਗਿਕ ਵਪਾਰਕ ਕੰਪਨੀ ‘ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਉਥੋਂ ਨਿਕਲੀ ਚੰਗਿਆੜੀ ਤੋਂ ਸੂਤੀ ਕੱਪੜੇ ਨੂੰ ਅੱਗ ਲੱਗ ਗਈ ਅਤੇ ਹੌਲੀ-ਹੌਲੀ ਇਸ ਨੇ ਇਕ ਵੱਡੇ ਖੇਤਰ ਅਤੇ ਅਪਾਰਟਮੈਂਟ ਨੂੰ ਆਪਣੀ ਲਪੇਟ ‘ਚ ਲੈ ਲਿਆ। ਹਾਲੇ ਕੁਝ ਦਿਨ ਪਹਿਲਾਂ ਚੀਨ ਦੇ ਇਕ ਅਪਾਰਟਮੈਂਟ ‘ਚ ਅੱਗ ਲੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ ਸੀ। ਚੀਨ ‘ਚ ਕੁਝ ਦਿਨਾਂ ‘ਚ ਅੱਗ ਲੱਗਣ ਦੀ ਇਹ ਤੀਜੀ ਘਟਨਾ ਹੈ। ਅਨਯਾਂਗ ਸ਼ਹਿਰ ‘ਚ ਅੱਗ ਲੱਗਣ ਦੇ ਮਾਮਲੇ ‘ਚ ਪੁਲੀਸ ਨੇ ਚਾਰ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਸਥਾਨਕ ਅਧਿਕਾਰੀਆਂ ਨੇ ਵੀ ਵਿਆਪਕ ਸੁਰੱਖਿਆ ਜਾਂਚ ਦੇ ਆਦੇਸ਼ ਦਿੱਤੇ ਹਨ।