ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਧਾਮ ਤਲਵੰਡੀ ਖੁਰਦ ਵਿਖੇ ਬੇਸਹਾਰਾ ਔਰਤਾਂ ਲਈ ਬਣਾਏ ‘ਰੱਬੀ ਰੂਹਾਂ ਦਾ ਘਰ’ ਦਾ ਉਦਘਾਟਨ ਕੀਤਾ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ 38ਵੇਂ ਚਾਦਰ ਦਿਵਸ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦਾ ਧਾਰਮਿਕ ਪੱਖ ਦੇ ਨਾਲ-ਨਾਲ ਸਮਾਜ ਸੇਵਾ ‘ਚ ਵੱਡਾ ਯੋਗਦਾਨ ਹੈ। ਧਾਮ ਤਲਵੰਡੀ ਖੁਰਦ ਵਿਖੇ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਪੜ੍ਹਾਈ ਸਮੇਤ ਹੋਰ ਸਹੂਲਤਾਂ ਅਤੇ ਸੰਭਾਲ ਲਈ ਗੋਦ ਦੇਣਾ ਦੇ ਦਹਾਕਿਆਂ ਤੋਂ ਕੀਤੇ ਜਾ ਰਹੇ ਉਪਰਾਲੇ ‘ਚ ਅੱਜ ਇਕ ਹੋਰ ਅਹਿਮ ਵਾਧਾ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਭਰ ਦੇ ਅਨਾਥ ਤੇ ਬੇਸਹਾਰਾ ਆਸ਼ਰਮਾਂ ‘ਚ ਰਹਿੰਦੇ ਲੜਕੇ-ਲੜਕੀਆਂ, ਜਿਹੜੇ ਗੋਦ ਨਾ ਲਏ ਜਾਣ ਕਾਰਨ ਰਹਿ ਜਾਂਦੇ ਹਨ, ਨੂੰ ਪੜ੍ਹਾਈ ਉਪਰੰਤ ਵੱਖ-ਵੱਖ ਸਰਕਾਰ ਵਿਭਾਗਾਂ ‘ਚ ਰੁਜ਼ਗਾਰ ਦੇਣ ਲਈ ਯੋਜਨਾ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਔਰਤਾਂ, ਅੰਗਹੀਣ ਮੈਂਬਰਾਂ ਜਾਂ ਪੰਜਾਬ ਦੇ ਹੋਰਨਾਂ ਆਸ਼ਰਮਾਂ ਦੇ ਮਰਦ-ਔਰਤਾਂ ਨੂੰ ਸਰਕਾਰੀ ਸਹੂਲਤਾਂ ਦੀ ਪੂਰਤੀ ਲਈ ਆਸ਼ਰਮਾਂ ‘ਚ ਹੀ ਡਾਕਟਰਾਂ ਦੀ ਟੀਮ ਅਤੇ ਸਾਜੋ ਸਮਾਨ ਭੇਜ ਕੇ ਅੰਗਹੀਣਤਾ ਸਰਟੀਫਿਕੇਟ ਜਾਰੀ ਕਰਨ ਲਈ ਮੁੱਖ ਮੰਤਰੀ ਨਾਲ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਾਲ ਘਰ ਦਾ ਕਰਦਿਆਂ ਉਨ੍ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਹਾਸਲ ਕੀਤੀ। ਫਾਊਂਡੇਸ਼ਨ ਨੂੰ ਸਰਕਾਰ ਵੱਲੋਂ ਭਲਾਈ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਸਹਿਦੇਵ ਕੌਸ਼ਿਕ ਸੁਪਰਡੈਂਟ ਖੇਤਰੀ ਪਾਸਪੋਰਟ ਚੰਡੀਗੜ੍ਹ ਨੇ ਕਿਹਾ ਕਿ ਬਾਲ ਘਰ ਅਤੇ ਰੱਬੀ ਰੂਹਾਂ ਘਰ ਨਾਲ ਸਬੰਧਿਤ ਬੱਚਿਆਂ, ਔਰਤਾਂ ਲਈ ਲੋੜੀਂਦੇ ਪਾਸਪੋਰਟ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਜਾਣਗੇ। ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਮਾਨਵਤਾ ਦੀ ਸੇਵਾ ਲਈ ਫਾਊਂਡੇਸ਼ਨ ਵੱਲੋਂ ਉਲੀਕੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਏਕਮਦੀਪ ਕੌਰ ਗਰੇਵਾਲ, ਸੇਵਾ ਸਿੰਘ ਖੇਲਾ ਵਲੋਂ ਆਈਆਂ ਸ਼ਖਸੀਅਤਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।