ਡਰੱਗ ਮਾਮਲੇ ਨੂੰ ਲੈ ਕੇ ਅਦਾਲਤਾਂ ‘ਤੇ ਉਂਗਲ ਚੁੱਕਣ ਵਾਲੇ ਬਰਖ਼ਾਸਤ ਡੀ.ਐੱਸ.ਪੀ. ਬਲਵਿੰਦਰ ਸੇਖੋਂ ਅਤੇ ਕਾਨੂੰਨੀ ਸਹਾਇਕ ਪ੍ਰਦੀਪ ਸ਼ਰਮਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦਾ ਨਾਲ ਹੀ ਸੇਖੋਂ ਨੂੰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਹਾਈ ਕੋਰਟ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਲਈ ਨੋਟਿਸ ਲਿਆ, ਜਿਸ ‘ਚ ਸੇਖੋਂ ਨੇ ਨਸ਼ਿਆਂ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਕਰ ਰਹੀ ਬੈਂਚ ਵਿਰੁੱਧ ਕਥਿਤ ਤੌਰ ‘ਤੇ ‘ਨਿੱਜੀ ਦੋਸ਼’ ਲਗਾਏ ਸਨ। ਦਰਅਸਲ ਸੇਖੋਂ ਨੇ ਹਾਈ ਕੋਰਟ ਦੇ ਜੱਜ ‘ਤੇ ਭ੍ਰਿਸ਼ਟਾਚਾਰ ਅਤੇ ਸਰਕਾਰਾਂ ਨਾਲ ਮਿਲੀਭੁਗਤ ਸਮੇਤ ਕਈ ਦੋਸ਼ ਲਗਾਏ ਸਨ, ਇਸ ਦੇ ਨਾਲ ਹੀ ਸੇਖੋਂ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਖ਼ਿਲਾਫ਼ ਭੱਦੀ ਟਿੱਪਣੀ ਅਤੇ ਸ਼ਬਦਾਵਲੀ ਵਰਤਣ ਦੇ ਵੀ ਦੋਸ਼ ਹਨ। ਬਲਵਿੰਦਰ ਸੇਖੋਂ ਨੇ ਪੰਜਾਬ ‘ਚ ਵਧ ਰਹੇ ਨਸ਼ੇ ਨੂੰ ਲੈ ਕੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਸ ਪਟੀਸ਼ਨ ‘ਚ ਉਨ੍ਹਾਂ ਨੇ ਪੰਜਾਬ ਦੇ ਦੋ ਸਾਬਕਾ ਡੀ.ਜੀ.ਪੀਜ਼ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਤੋਂ ਇਲਾਵਾ ਅਕਾਲੀ ਦਲ ਸਮੇਤ ਕਈ ਸਿਆਸੀ ਪਾਰਟੀਆਂ ਦੇ ਆਗੂਆਂ ‘ਤੇ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਲਾਏ ਹਨ।