ਪੰਜਾਬ ਦੇ ਜੰਮਪਲ ਅਤੇ ਬਾਲੀਵੁੱਡ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਨਾਲ ਛਾਪ ਛੱਡਣ ਵਾਲੇ 79 ਸਾਲਾ ਅਰੁਣ ਬਾਲੀ ਦਾ ਅੱਜ ਸਵਖਤੇ ਦੇਹਾਂਤ ਹੋ ਗਿਆ। ਉਹ ਕੁਝ ਦਿਨ ਪਹਿਲਾਂ ਬਿਮਾਰ ਹੋਏ ਸਨ। ਛੋਟੇ ਪਰਦੇ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਕੇ ਵੱਡੇ ਪਰਦੇ ਤੱਕ ਕਈ ਉੱਚ ਕੋਟੀ ਦੀਆਂ ਸੁਪਰਹਿੱਟ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਨ ਵਾਲੇ ਅਰੁਣ ਬਾਲੀ ਦਾ ਜਨਮ ਜਲੰਧਰ ‘ਚ ਹੋਇਆ ਸੀ। ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਅਰੁਣ ਬਾਲੀ ਨੇ ਮੁੰਬਈ ‘ਚ ਆਖ਼ਰੀ ਸਾਹ ਲਿਆ। ਰਿਪੋਰਟਾਂ ਮੁਤਾਬਕ ਅਰੁਣ ਬਾਲੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਰੁਣ ਬਾਲੀ ਨੇ ਆਪਣੇ ਕਰੀਅਰ ‘ਚ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਤੋਂ ਲੈ ਕੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ। ਉਹ ਖ਼ੁਦ ਵੀ ਮਨੋਰੰਜਨ ਜਗਤ ਦਾ ਬਹੁਤ ਵੱਡਾ ਅਤੇ ਜਾਣਿਆ-ਪਛਾਣਿਆ ਨਾਂ ਸੀ। ਅਰੁਣ ਬਾਲੀ ਦੀ ਫ਼ਿਲਮ ‘ਕੇਦਾਰਨਾਥ’ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ। ਇਸ ਤੋਂ ਇਲਾਵਾ ‘ਓ ਮਾਈ ਗੌਡ’ (2012), ‘ਪੀਕੇ’ (2014), ‘ਪਾਣੀਪਤ’ (2019), ‘ਲਾਲ ਸਿੰਘ ਚੱਢਾ’ (2022) ‘ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਆਮਿਰ ਖ਼ਾਨ ਦੀਆਂ ‘3 ਇਡੀਅਟ’ ਸਮੇਤ ਹੋਰਨਾਂ ਫ਼ਿਲਮਾਂ ‘ਚ ਉਨ੍ਹਾਂ ਆਪਣੇ ਛੋਟੇ ਰੋਲ ਦੇ ਬਾਵਜੂਦ ਬਿਹਤਰੀਨ ਅਦਾਕਾਰੀ ਨਾਲ ਅਜਿਹੀ ਜਾਨ ਪਾਈ ਕਿ ਉਹ ਯਾਦਗਾਰੀ ਹੋ ਨਿੱਬੜੇ। ਉਨ੍ਹਾਂ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਜਿਨ੍ਹਾਂ ‘ਚੋਂ ਦਿਲਜੀਤ ਦੁਸਾਂਝ ਵਾਲੀ ‘ਪੰਜਾਬ 1984’ ਵਿਚਲਾ ਉਨ੍ਹਾਂ ਦਾ ਰੋਲ ਵੀ ਅੱਜ ਤੱਕ ਲੋਕਾਂ ਦੇ ਚੇਤਿਆਂ ਵੱਸਿਆ ਹੋਇਆ ਹੈ।