ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ. ਨੇ ਅੱਠ ਘੰਟੇ ਦੀ ਪੁੱਛਗਿੱਛ ਮਗਰੋਂ ਆਬਕਾਰੀ ਨੀਤੀ ਘੁਟਾਲੇ ‘ਚ ਗ੍ਰਿਫ਼ਤਾਰ ਕਰ ਲਿਆ। ਅੱਠ ਘੰਟਿਆਂ ਤੱਕ ਚੱਲੀ ਪੁੱਛ-ਪੜਤਾਲ ਦੌਰਾਨ ਸਿਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਆ ਰਹੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਜਵਾਬ ਤਸੱਲੀਬਖ਼ਸ਼ ਨਹੀਂ ਸਨ।ਸਿਸੋਦੀਆ ਸਵੇਰੇ ਸੀ.ਬੀ.ਆਈ. ਹੈੱਡਕੁਆਰਟਰ ‘ਤੇ ਪਹੁੰਚੇ। ਸੀ.ਬੀ.ਆਈ. ਦਫਤਰ ਦੇ ਬਾਹਰ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪੁਲੀਸ ਨੂੰ ਖ਼ਦਸ਼ਾ ਸੀ ਕਿ ‘ਆਪ’ ਵਰਕਰ ਹੰਗਾਮਾ ਕਰ ਸਕਦੇ ਹਨ। ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀਆਂ ਨੇ ਆਬਕਾਰੀ ਨੀਤੀ ਦੇ ਵੱਖ ਵੱਖ ਪਹਿਲੂਆਂ, ਉਨ੍ਹਾਂ ਦੇ ਦਿਨੇਸ਼ ਅਰੋੜਾ ਤੇ ਹੋਰ ਮੁਲਜ਼ਮਾਂ ਨਾਲ ਸਬੰਧਾਂ ਅਤੇ ਫੋਨਾਂ ‘ਤੇ ਸੁਨੇਹਿਆਂ ਦੇ ਆਦਾਨ-ਪ੍ਰਦਾਨ ਦੇ ਵੇਰਵਿਆਂ ਬਾਰੇ ਸਵਾਲ ਪੁੱਛੇ ਸਨ। ਸੀ.ਬੀ.ਆਈ. ਜਾਂਚਕਾਰ ਸਿਸੋਦੀਆ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਕਿਹਾ ਕਿ ਸਿਸੋਦੀਆ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਸਨ ਅਤੇ ਅਹਿਮ ਨੁਕਤਿਆਂ ‘ਤੇ ਸਫ਼ਾਈ ਦੇਣ ਤੋਂ ਗੁਰੇਜ਼ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀ.ਬੀ.ਆਈ. ਦਫ਼ਤਰ ਪਹੁੰਚਣ ਤੋਂ ਪਹਿਲਾਂ ਸਿਸੋਦੀਆ ਨੇ ਖ਼ਦਸ਼ਾ ਜਤਾਇਆ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪੁੱਛ-ਪੜਤਾਲ ਲਈ ਸੀ.ਬੀ.ਆਈ. ਅੱਗੇ ਪੇਸ਼ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ‘ਝੂਠੇ ਦੋਸ਼ਾਂ’ ਦੇ ਮਾਮਲੇ ‘ਚ ਜੇਲ੍ਹ ਜਾਣ ਤੋਂ ਨਹੀਂ ਡਰਦੇ ਹਨ। ‘ਜਦੋਂ ਮੈਂ ਪੱਤਰਕਾਰ ਵਜੋਂ ਆਪਣੀ ਨੌਕਰੀ ਛੱਡੀ ਸੀ ਤਾਂ ਮੇਰੀ ਪਤਨੀ ਨੇ ਮੈਨੂੰ ਹਮਾਇਤ ਦਿੱਤੀ ਸੀ ਅਤੇ ਅੱਜ ਵੀ ਮੇਰਾ ਪਰਿਵਾਰ ਨਾਲ ਖੜ੍ਹਾ ਹੈ। ਜੇਕਰ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਮੇਰੇ ਵਰਕਰ ਪਰਿਵਾਰ ਦਾ ਧਿਆਨ ਰੱਖਣਗੇ।’ ਸੀ.ਬੀ.ਆਈ. ਦੀ ਐੱਫ.ਆਈ.ਆਰ. ‘ਚ ਨੰਬਰ ਇਕ ਮੁਲਜ਼ਮ ‘ਆਪ’ ਆਗੂ ਤੋਂ ਪਿਛਲੇ ਸਾਲ 17 ਅਕਤੂਬਰ ਨੂੰ ਵੀ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਦੇ ਕਰੀਬ ਇਕ ਮਹੀਨੇ ਬਾਅਦ 25 ਨਵੰਬਰ ਨੂੰ ਏਜੰਸੀ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੀ.ਬੀ.ਆਈ. ਨੇ ਚਾਰਜਸ਼ੀਟ ‘ਚ ਸਿਸੋਦੀਆ ਦਾ ਨਾਮ ਨਹੀਂ ਲਿਆ ਹੈ ਕਿਉਂਕਿ ਉਸ ਨੇ ਉਨ੍ਹਾਂ ਖ਼ਿਲਾਫ਼ ਹੋਰ ਸ਼ੱਕੀਆਂ ਤੇ ਮੁਲਜ਼ਮਾਂ ਖ਼ਿਲਾਫ਼ ਜਾਂਚ ਖੁੱਲ੍ਹੀ ਰੱਖੀ ਹੋਈ ਹੈ।