ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੋਦੀ ਹਕੂਮਤ ਵੱਲੋਂ ਨੌਜਵਾਨਾਂ ਦੀ ਫੌਜ ’ਚ ਠੇਕਾ ਭਰਤੀ ਵਾਲੀ ਲਿਆਂਦੀ ‘ਅਗਨੀਪਥ’ ਯੋਜਨਾ ਖ਼ਿਲਾਫ਼ ਵਿਧਾਨ ਸਭਾ ’ਚ ਮਤਾ ਲਿਆਵੇਗੀ। ਇਹ ਐਲਾਨ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਿਫ਼ਰ ਕਾਲ ਦੌਰਾਨ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਗੂੰਜ ਪਈ। ਸੱਤਾਧਾਰੀ ਅਤੇ ਵਿਰੋਧੀ ਧਿਰ ਅਗਨੀਪਥ ਖ਼ਿਲਾਫ਼ ਡਟੀਆਂ ਜਦੋਂ ਕਿ ਭਾਜਪਾ ਵਿਧਾਇਕ ਨੇ ਇਸ ਯੋਜਨਾ ਦੀ ਹਮਾਇਤ ਕੀਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਗਨੀਪਥ ਖ਼ਿਲਾਫ਼ ਇਕ ਸਾਂਝਾ ਮਤਾ ਲਿਆਉਣ ਦੀ ਮੰਗ ਕੀਤੀ ਕਿਉਂਕਿ ਇਹ ਯੋਜਨਾ ਪੁਰਾਣੇ ਫੌਜੀ ਰਜਮੈਂਟ ਢਾਂਚੇ ਨੂੰ ਢਾਹ ਲਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਵੇਲੇ ਵੀ ਪੰਜਾਬ ਵਿੱਚੋਂ 20 ਫੀਸਦੀ ਭਰਤੀ ਹੁੰਦੀ ਸੀ, ਜੋ ਹੁਣ ਘਟ ਕੇ 7.8 ਫੀਸਦੀ ’ਤੇ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ’ਤੇ ਸਹਿਮਤੀ ਜ਼ਾਹਿਰ ਕਰਦਿਆਂ ਐਲਾਨ ਕੀਤਾ ਕਿ ਇਸ ਬਾਰੇ ਵਿਧਾਨ ਸਭਾ ’ਚ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਾਵੁਕ ਮੁੱਦਾ ਹੈ ਜੋ ਨੌਜਵਾਨਾਂ ਖ਼ਿਲਾਫ਼ ਭੁਗਤਦਾ ਹੈ। ਮਾਨ ਨੇ ਕਿਹਾ ਕਿ ਕੇਂਦਰ ਹਮੇਸ਼ਾ ਕੋਈ ਨਾ ਕੋਈ ਮੁੱਦਾ ਖਡ਼੍ਹਾ ਕਰਦਾ ਹੈ ਅਤੇ ਮਗਰੋਂ ਆਖਦਾ ਹੈ ਕਿ ‘ਤੁਹਾਨੂੰ ਸਮਝ ਨਹੀਂ ਆਈ।’ ਭਾਵੇਂ ਜੀ.ਐੱਸ.ਟੀ. ਹੋਵੇ, ਨੋਟਬੰਦੀ ਅਤੇ ਬੇਸ਼ੱਕ ਖੇਤੀ ਕਾਨੂੰਨ ਹੋਣ। ਜਦੋਂ ਅਗਨੀਪਥ ਖ਼ਿਲਾਫ਼ ਕਾਂਗਰਸ ਅਤੇ ‘ਆਪ’ ਨੇ ਹੱਥ ਮਿਲਾਏ ਤਾਂ ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਇਤਰਾਜ਼ ਕੀਤਾ ਤੇ ਅਗਨੀਪਥ ਦੇ ਫਾਇਦੇ ਗਿਣਾਏ। ਉਨ੍ਹਾਂ ਕਿਹਾ ਕਿ ਜੇਕਰ ਇਹ ਸਕੀਮ ਚੱਲ ਗਈ ਤਾਂ ਫਿਰ 2029 ਦੀ ਚੋਣ ਵੀ ਵਿਰੋਧੀਆਂ ਹੱਥੋਂ ਜਾਵੇਗੀ। ਜੁਆਬੀ ਹਮਲੇ ’ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਗਨੀਪਥ ਅਸਲ ’ਚ ਇਕ ਸੋਚੀ-ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਚਾਰ ਵਰ੍ਹਿਆਂ ਮਗਰੋਂ ਅਗਨੀਵੀਰ ਰਿਟਾਇਰ ਹੋਣਗੇ ਤਾਂ ਉਨ੍ਹਾਂ ਨੂੰ ਗਲਤ ਅਨਸਰ ਆਪਣੇ ਮੁਫਾਦਾਂ ਲਈ ਵਰਤ ਸਕਦੇ ਹਨ। ‘ਆਪ’ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਨੇ ਸਰਹੱਦੀ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤੀਬਾਡ਼ੀ ’ਚ ਆਉਂਦੀਆਂ ਮੁਸ਼ਕਲਾਂ ਬਾਰੇ ਆਵਾਜ਼ ਉਠਾਈ। ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਨੇ ਭਗਤ ਪੂਰਨ ਸਿੰਘ ਦੇ ਨਾਮ ’ਤੇ ਸ਼ਹਿਰ ’ਚ ਹਸਪਤਾਲ ਬਣਾਉਣ ਤੇ ਮੰਡੀ ਨੂੰ ਆਧੁਨਿਕ ਬਣਾਉਣ ਦੀ ਗੱਲ ਰੱਖੀ। ਬਜਟ ’ਤੇ ਬਹਿਸ ਦੌਰਾਨ ਰੇਤ ਮਾਫੀਆ ਦੇ ਮੁੱਦੇ ਤੋਂ ਜੰਮ ਕੇ ਹੰਗਾਮਾ ਹੋਇਆ। ਹਾਕਮ ਧਿਰ ਨੇ ਕਾਂਗਰਸੀ ਰਾਜ ਭਾਗ ’ਚ ਰੇਤੇ ਦੀਆਂ ਖੱਡਾਂ ਦੀ ਹੋਈ ਲੁੱਟ ਨੂੰ ਉਛਾਲਿਆ ਜਦੋਂ ਕਿ ਵਿਰੋਧੀ ਧਿਰ ਨੇ ‘ਆਪ’ ਸਰਕਾਰ ਨੂੰ ਰੇਤੇ ਤੋਂ 20 ਹਜ਼ਾਰ ਕਰੋਡ਼ ਦੀ ਕਮਾਈ ਕਰਨ ਦੀ ਚੁਣੌਤੀ ਦਿੱਤੀ। ਮਾਹੌਲ ਗਰਮਾਉਣ ਕਾਰਨ ਬਜਟ ’ਤੇ ਬਹਿਸ ਵੀ ਲੀਹੋਂ ਉਤਰ ਗਈ।