ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਤੋਂ ਬਾਅਦ ਆਪਣੇ ਪੁੱਤ ਦਾ ਕੇਸ ਰੱਬ ਭਰੋਸੇ ਛੱਡ ਦਿੱਤਾ ਹੈ। ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਹੁਣ ਉਹ ਨਾ ਸਰਕਾਰ ਅੱਗੇ ਹੱਥ ਅੱਡਣਗੇ ਤੇ ਨਾ ਕਿਸੇ ਸਰਕਾਰੀ ਦਫ਼ਤਰ ਜਾਣਗੇ ਤੇ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਰਦਾਸ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਸੁਣਵਾਈ ਹੋ ਨਹੀਂ ਰਹੀ ਤੇ ਇਨਸਾਫ਼ ਨਹੀਂ ਮਿਲ ਰਿਹਾ। ਹੁਣ ਕੁਝ ਨਹੀਂ ਕਹਾਂਗਾ। ਕੁਝ ਦਿਨਾਂ ਬਾਅਦ ਧਮਕੀ ਆ ਜਾਂਦੀ ਹੈ। ਸਿੱਧੂ ਮੂਸੇਵਾਲਾ ਦੇ ਘਰ ਹਰ ਐਤਵਾਰ ਉਨ੍ਹਾਂ ਦੇ ਪ੍ਰਸੰਸਕ ਵੱਡੀ ਗਿਣਤੀ ‘ਚ ਮਾਤਾ-ਪਿਤਾ ਨੂੰ ਮਿਲਣ ਲਈ ਆਉਂਦੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਮੇਂ ਸੰਬੋਧਨ ਦੌਰਾਨ ਭਾਵੁਕ ਹੁੰਦਿਆਂ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਇਸ ਦੁਨੀਆ ‘ਤੇ ਨਹੀਂ ਰਿਹਾ। ਉਨ੍ਹਾਂ ਇਨਸਾਫ਼ ਲਈ ਸਰਕਾਰ ਅੱਗੇ ਅਪੀਲ ਕੀਤੀ ਪਰ ਕੁਝ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ। ਨੌਜਵਾਨਾਂ ‘ਤੇ ਐੱਨ.ਐੱਸ.ਏ. ਲਗਾ ਕੇ ਜੇਲ੍ਹਾਂ ‘ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ। ਸਰਕਾਰ ਨੌਜਵਾਨਾਂ ਨੂੰ ਕਿਸ ਤਰ੍ਹਾਂ ਜੇਲ੍ਹਾਂ ‘ਚ ਸੁੱਟ ਰਹੀ ਹੈ। ਪੰਜਾਬ ਦੇ ਹਾਲਾਤ ਨੂੰ ਹਰ ਕੋਈ ਦੇਖ ਰਿਹਾ ਹੈ। ਇਨਸਾਫ਼ ਲਈ ਹਰ ਹੀਲਾ ਅਪਣਾਇਆ ਪਰ ਕੁਝ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਚੈਨਲ ‘ਤੇ ਇੰਟਰਵਿਊ ਦਿੰਦੇ ਸਮੇਂ ਕਹਿ ਰਹੇ ਸਨ ਕਿ ਕਦੇ ਕਿਤੇ, ਕਦੇ ਕਿਤੇ। ਉਨ੍ਹਾਂ ਦਾ ਇਸ਼ਾਰਾ ਸੀ ਕਿ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ‘ਚ ਬੈਠ ਕੇ ਵਿਧਾਨ ਸਭਾ ਦੇ ਬਾਹਰ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ। ਵਿਧਾਨ ਸਭਾ ਦੇ ਬਾਹਰ ਕਿਸੇ ਨੂੰ ਵੀ ਜਾਣ ਦਾ ਅਧਿਕਾਰ ਹੈ। ਉਨ੍ਹਾਂ ਨੇ ਪ੍ਰਤਾਪ ਬਾਜਵਾ ਦੀ ਗੱਡੀ ‘ਚ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਨਹੀਂ ਤਾਂ ਮੈਨੂੰ ਤਾਂ ਜਾਣ ਹੀ ਨਹੀਂ ਦੇਣਾ ਸੀ। ਇਸ ਲਈ ਕੋਈ ਮਦਦ ਲੈ ਕੇ ਤਾਂ ਜਾਣਾ ਹੀ ਸੀ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਹਰ ਰੋਜ਼ ਅਜਿਹਾ ਹੋ ਰਿਹਾ ਹੈ ਜਿਸ ਤਰ੍ਹਾਂ ਦੀਪ ਸਿੱਧੂ ਦੀ ਬਰਸੀ ਤੋਂ ਪਹਿਲਾਂ ਰੀਨਾ ਰਾਏ ਦਾ ਇੰਟਰਵਿਊ ਆ ਗਿਆ ਤੇ ਸਿੱਧੂ ਦੀ ਬਰਸੀ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਆ ਗਿਆ। ਉਨ੍ਹਾਂ ਕਿਹਾ ਕਿ ਬਰਸੀ ‘ਤੇ ਹੋਣ ਵਾਲੇ ਇਕੱਠ ਨੂੰ ਰੋਕਣ ਦੀ ਯੋਜਨਾ ਸੀ। ਪੰਜਾਬ ‘ਚ ਲੋਕਾਂ ਦੀ ਚੁਣੀ ਹੋਈ ਸਰਕਾਰ ਲੱਗਦੀ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਬਾਅਦ ਆਪਣੇ ਪੁੱਤ ਦੇ ਇਨਸਾਫ਼ ਲਈ ਸਿਰਫ਼ ਰੱਬ ‘ਤੇ ਭਰੋਸਾ ਰੱਖਣਗੇ। ਰੱਬ ਅੱਗੇ ਇਹੀ ਅਰਦਾਸ ਕਰਨਗੇ ਤੇ ਅੱਜ ਤੋਂ ਬਾਅਦ ਉਹ ਕਿਸੇ ਵੀ ਸਰਕਾਰੇ-ਦਰਬਾਰੇ ਪਹੁੰਚ ਨਹੀਂ ਕਰਨਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਸਾਫ਼ ਲਈ ਅਰਦਾਸ ਕਰਨ ਕਿਉਂਕਿ ਉਹ ਹਾਰ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਈਮੇਲ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ ਤੇ ਹੁਣ ਫਿਰ ਉਨ੍ਹਾਂ ਨੂੰ ਧਮਕੀ ਆਈ ਹੈ।