ਅਜਨਾਲਾ ਘਟਨਾ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਬ-ਕਮੇਟੀ ਬਣਾਈ ਹੈ। ਇਹ ਸਬ-ਕਮੇਟੀ ਰੋਸ ਪ੍ਰਦਰਸ਼ਨ ਅਤੇ ਧਰਨੇ ਵਾਲੀਆਂ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਮਾਮਲਾ ਵਿਚਾਰੇਗੀ। ਇਹ ਸਬ-ਕਮੇਟੀ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ‘ਤੇ ਆਧਾਰਿਤ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਅਜਨਾਲਾ ‘ਚ ਥਾਣੇ ਦੇ ਘਿਰਾਓ ਕਰਨ ਸਮੇਂ ਪਾਵਨ ਸਰੂਪ ਦੀ ਢਾਲ ਵਜੋਂ ਵਰਤੋਂ ਕੀਤੀ ਗਈ ਹੈ ਅਤੇ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ। ਇਸ ਮਾਮਲੇ ‘ਚ ਹੁਣ ਤੱਕ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਵੀ ਕਹਿਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਜਥੇਦਾਰ ਨੇ ਆਖਿਆ ਕਿ ਰੋਸ ਪ੍ਰਦਰਸ਼ਨਾਂ, ਧਰਨਿਆਂ ਤੇ ਕਬਜ਼ੇ ਵਾਲੀਆਂ ਥਾਵਾਂ ‘ਤੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਦੇ ਮਾਣ-ਸਨਮਾਨ ਨੂੰ ਠੇਸ ਪੁੱਜਣ ਦਾ ਖ਼ਦਸ਼ਾ ਹੋਵੇ, ਅਜਿਹੇ ਸਥਾਨਾਂ ‘ਤੇ ਪਾਵਨ ਸਰੂਪ ਲੈ ਕੇ ਜਾਣਾ ਅਤੇ ਪ੍ਰਕਾਸ਼ ਕਰਨ ਦਾ ਗੰਭੀਰ ਮਾਮਲਾ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਲੇਕਿਨ ਇਸ ਤੋਂ ਪਹਿਲਾਂ ਉਨ੍ਹਾਂ ਇਸ ਮਾਮਲੇ ਨੂੰ ਵਿਚਾਰਨ ਲਈ ਸਮੂਹ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੇ ਆਧਾਰ ‘ਤੇ ਸਬ-ਕਮੇਟੀ ਦਾ ਗਠਨ ਕੀਤਾ ਹੈ। ਇਸ ਸਬ ਕਮੇਟੀ ਨੂੰ 15 ਦਿਨਾਂ ‘ਚ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਵਿਖੇ ਭੇਜਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਦਵਾਨਾਂ ਦੀ ਇਸ ਰਿਪੋਰਟ ‘ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਿਚਾਰ ਕੀਤਾ ਜਾਵੇਗਾ ਅਤੇ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਤੇ ਹੋਰ ਕਾਰਕੁਨਾਂ ਵੱਲੋਂ ਬੀਤੇ ਦਿਨ ਅਜਨਾਲਾ ਥਾਣੇ ਦਾ ਘਿਰਾਓ ਕਰਨ ਸਮੇਂ ਪਾਵਨ ਸਰੂਪ ਵਾਲੇ ਵਾਹਨ ਨੂੰ ਨਾਲ ਲਿਜਾਇਆ ਗਿਆ ਸੀ। ਪਾਲਕੀ ਵਾਲੇ ਵਾਹਨ ਨੂੰ ਥਾਣੇ ਦੇ ਅੰਦਰ ਤੱਕ ਲਿਜਾਇਆ ਗਿਆ। ਇਸ ਘਟਨਾ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਤੇ ਪੁਲੀਸ ਵਿਚਾਲੇ ਹਿੰਸਕ ਝੜਪ ਵੀ ਹੋਈ ਸੀ।