ਇੰਡੀਆ ਦੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਚੀਨ ਦੀ ਹਾਨ ਯੁਈ ਨੂੰ ਇਕ ਘੰਟੇ ਤੋਂ ਵੱਧ ਚੱਲੇ ਮੁਕਾਬਲੇ ’ਚ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਦੁਨੀਆਂ ਦੀ ਸੱਤਵੇਂ ਨੰਬਰ ਦੀ ਖਿਡਾਰਨ ਨੇ ਇਕ ਸੈੱਟ ਗੁਆਉਣ ਤੋਂ ਬਾਅਦ 17-21, 21-11, 21-19 ਨਾਲ ਜਿੱਤ ਦਰਜ ਕੀਤੀ। ਸਿੰਧੂ ਦਾ ਹੁਣ ਇਸ ਚੀਨੀ ਵਿਰੋਧੀ ਮੁਕਾਬਲੇਬਾਜ਼ ਦੇ ਖ਼ਿਲਾਫ਼ ਰਿਕਾਰਡ 3-0 ਹੋ ਗਿਆ ਹੈ। ਮਈ ’ਚ ਥਾਈਲੈਂਡ ਓਪਨ ਦੇ ਬਾਅਦ ਸਿੰਧੂ ਪਹਿਲੀ ਵਾਰ ਸੈਮੀਫਾਈਨਲ ’ਚ ਪੁੱਜੀ ਹੈ। ਹੁਣ ਦੇਖਣਾ ਇਹ ਹੈ ਕਿ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਉਹ ਖ਼ਿਤਾਬ ਜਿੱਤ ਸਕੇਗੀ ਜਾਂ ਨਹੀਂ। ਸਿੰਧੂ ਦਾ ਸਾਹਮਣਾ ਹੁਣ ਗ਼ੈਰ ਦਰਜਾ ਪ੍ਰਾਪਤ ਸਾਇਨਾ ਕਾਵਾਕਾਮੀ ਨਾਲ ਹੋਵੇਗਾ। ਜਾਪਾਨ ਦੀ ਇਸ ਖਿਡਾਰੀ ਨੇ ਛੇਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ 21-17, 21-19 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਸਾਇਨਾ ਨੇਹਵਾਲ ਤੇ ਐੱਚ.ਐੱਸ. ਪ੍ਰਣਯ ਨੇ ਅਜੇ ਆਪਣੇ ਮੁਕਾਬਲੇ ਖੇਡਣੇ ਹਨ।