ਪਟਿਆਲਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਐੱਚ.ਐੱਚ. ਗਰੇਵਾਲ ਦੀ ਅਦਾਲਤ ਵੱਲੋਂ ਸਾਲ 2016 ‘ਚ ਵਾਪਰੇ ਨਾਭਾ ਜੇਲ੍ਹ ਬਰੇਕ ਕਾਂਡ ਸਬੰਧੀ ਦਰਜ ਕੀਤੇ ਗਏ ਕੇਸ ਬਾਰੇ ਫੈਸਲਾ ਸੁਣਾਇਆ ਗਿਆ। ਅਦਾਲਤ ਨੇ ਇਸ ਕੇਸ ‘ਚ 22 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂਕਿ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਨੂੰ ਸਜ਼ਾ ਸੁਣਾਉਣ ਸਬੰਧੀ ਅਦਾਲਤ ਨੇ ਆਪਣਾ ਫੈਸਲਾ 23 ਮਾਰਚ ਤੱਕ ਰਾਖਵਾਂ ਰੱਖ ਲਿਆ ਹੈ। ਚੇਤੇ ਰਹੇ ਕਿ 2016 ‘ਚ ਪਲਵਿੰਦਰ ਪਿੰਦਾ ਸਮੇਤ ਕਈ ਹੋਰ ਗੈਂਗਸਟਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਨਾਭਾ ਸਥਿਤ ਉੱਚ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਦਿਆਂ ਦੋ ਗਰਮਖ਼ਿਆਲੀ ਆਗੂਆਂ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਲਿਆ ਸੀ। ਛੁਡਾਏ ਗਏ ਗਰਮਖ਼ਿਆਲੀ ਆਗੂਆਂ ‘ਚ ਖਾਲਿਸਤਾਨ ਕਮਾਂਡੋ ਫੋਰਸ ਦੇ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰਾ ਸਿੰਘ ਗਲਵੱਟੀ ਸ਼ਾਮਲ ਸਨ ਜਦੋਂਕਿ ਗੈਂਗਸਟਰਾਂ ‘ਚ ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਪੁਲੀਸ ਰਿਕਾਰਡ ਮੁਤਾਬਿਕ ਮਿੰਟੂ ਪਾਕਿਸਤਾਨ ‘ਚ ਰਹਿੰਦਾ ਰਿਹਾ ਸੀ ਜਿਸ ਨੂੰ ਥਾਈਲੈਂਡ ਤੋਂ ਕਾਬੂ ਕਰਕੇ ਪਟਿਆਲਾ ਲਿਆਂਦਾ ਗਿਆ ਸੀ। ਨਾਭਾ ਜੇਲ੍ਹ ‘ਚੋਂ ਫਰਾਰ ਹੋਣ ਉਪਰੰਤ ਮਿੰਟੂ ਨੂੰ ਉਸੇ ਹੀ ਰਾਤ ਦਿੱਲੀ ਪੁਲੀਸ ਨੇ ਦਿੱਲੀ ਵਿੱਚੋਂ ਕਾਬੂ ਕਰ ਲਿਆ ਸੀ। ਕੁਝ ਸਾਲ ਬਾਅਦ ਉਸ ਦੀ ਪਟਿਆਲਾ ਜੇਲ੍ਹ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸੇ ਦੌਰਾਨ ਕਸ਼ਮੀਰਾ ਸਿੰਘ ਗਲਵੱਟੀ ਅਜੇ ਤੱਕ ਪੁਲੀਸ ਦੇ ਹੱਥ ਨਹੀਂ ਆਇਆ। ਉਧਰ ਖ਼ਤਰਨਾਕ ਗੈਂਗਸਟਰ ਮੰਨੇ ਜਾਂਦੇ ਵਿੱਕੀ ਗੌਂਡਰ ਨੂੰ ਉਸ ਦੇ ਇਕ ਹੋਰ ਸਾਥੀ ਸਮੇਤ ਪਟਿਆਲਾ ਵਾਸੀ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਅਤੇ ਟੀਮ ਵੱਲੋਂ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਜੇਲ੍ਹ ‘ਚੋਂ ਭੱਜੇ ਬਾਕੀ ਗੈਂਗਸਟਰਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ‘ਚ ਸਹਾਇਕ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜਗਮੀਤ ਸਿੰਘ, ਪਲਵਿੰਦਰ ਸਿੰਘ ਪਿੰਦਾ, ਗੁਰਜੀਤ ਲਾਡਾ, ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ, ਬੱਬੀ ਖੇੜਾ, ਬਿੱਕਰ ਸਿੰਘ, ਹਰਜੋਤ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਰਨਪਾਲ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਰਾਜੂ, ਗਿਆਨ ਸਿੰਘ, ਕੁਲਵਿੰਦਰ ਟਿੱਬਰੀ, ਸੁਨੀਲ ਕਾਲੜਾ, ਅਮਨਦੀਪ ਸਿੰਘ ਢਾਡੀਆਂ ਤੇ ਅਮਨ ਕੁਮਾਰ ਆਦਿ ਸ਼ਾਮਲ ਹਨ।