ਵੈਨਕੂਵਰ ‘ਚ ਇਕ ਵਾਰ ਫਿਰ ਗੈਂਗਵਾਰ ਹੋਈ ਹੈ। ਇਸ ਵਾਰ ਵਿਸ਼ਾਲ ਵਾਲੀਆ ਨਾਂ ਦਾ ਪੰਜਾਬੀ ਗੈਂਗਸਟਰ ਮਾਰਿਆ ਗਿਆ ਹੈ। ਵਿਸ਼ਾਲ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਹਮਲਾਵਰ ਵਰਤੀ ਗਈ ਕਾਰ ਨੂੰ ਅੱਗ ਲਾ ਕੇ ਫਰਾਰ ਹੋ ਗਏ। ਵਿਸ਼ਾਲ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਵਾਲੀਆ ਦੇ ਕਤਲ ਤੋਂ ਬਾਅਦ ਵਿਰੋਧੀ ਗੈਂਗਸਟਰ ਗਰੁੱਪ ਨੇ ਅਪਰਾਧ ‘ਚ ਵਰਤੀ ਕਾਰ ਨੂੰ ਅੱਗ ਲਗਾ ਦਿੱਤੀ ਤਾਂ ਜੋ ਸਬੂਤ ਮਿਟਾਏ ਜਾ ਸਕਣ ਅਤੇ ਮੁਲਜ਼ਮ ਮੌਕੇ ਤੋਂ ਭੱਜ ਗਏ। ਜਾਣਕਾਰੀ ਮੁਤਾਬਕ ਹਮਲਾਵਰ 6 ਤੋਂ 7 ਸਨ। ਵਿਸ਼ਾਲ ਨਸ਼ਾ ਡਰੱਗ ਤਸਕਰੀ ‘ਚ ਵੀ ਸ਼ਾਮਲ ਰਿਹਾ। ਇਸ ਗੈਂਗਵਾਰ ਮਗਰੋਂ ਪੁਲੀਸ ਹਰਕਤ ‘ਚ ਆ ਗਈ। ਚਿੰਤਾਜਨਕ ਗੱਲ ਇਹ ਹੈ ਕਿ ਕੈਨੇਡਾ ‘ਚ ਬਹੁਤ ਸਾਰੇ ਗੈਂਗਸਟਰ ਸਰਗਰਮ ਹਨ ਜੋ ਆਉਣ ਵਾਲੇ ਸਮੇਂ ‘ਚ ਪੰਜਾਬ ਲਈ ਵੱਡਾ ਖਤਰਾ ਬਣ ਸਕਦੇ ਹਨ। ਇਸ ਲਈ ਪੰਜਾਬ ਪੁਲੀਸ ਵੀ ਹਰਕਤ ‘ਚ ਆ ਗਈ ਹੈ ਅਤੇ ਪੰਜਾਬ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ। ਪ੍ਰਸਿੱਧ ਪੱਤਰਕਾਰ ਕਿਮ ਬੋਲਨ ਨੇ ਦੱਸਿਆ ਹੈ ਕਿ ਆਈ.ਐਚ.ਆਈ.ਟੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਯੂਨੀਵਰਸਿਟੀ ਗੋਲਡ ਕਲੱਬ ‘ਚ ਹੋਏ ਕਤਲ ‘ਚ ਵਿਸ਼ਾਲ ਵਾਲੀਆ ਦੀ ਮੌਤ ਹੋਈ ਹੈ ਜੋ ਯੂ.ਐਨ. ਗੈਂਗ ਨਾਲ ਜੁੜਿਆ ਸੀ। ਪੁਲੀਸ ਦਾ ਮੰਨਣਾ ਹੈ ਕਿ ਇਹ ਨਿਸ਼ਾਨਾ ਬਣਾ ਕੇ ਤੇ ਮਿਥ ਕੇ ਕੀਤਾ ਗਿਆ ਕਤਲ ਹੈ। ਯੂਨੀਵਰਸਿਟੀ ਐਂਡੋਮੈਂਟ ਲੈਂਡਜ਼ ‘ਤੇ ਗੋਲਫ ਕੋਰਸ ਦੀ ਪਾਰਕਿੰਗ ‘ਚ ਗੋਲੀਬਾਰੀ ਦੀ ਰਿਪੋਰਟ ਮਿਲਣ ਤੋਂ ਬਾਅਦ ਸਵੇਰੇ 9:49 ਵਜੇ ਦੇ ਕਰੀਬ ਪੁਲੀਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਵਿਸ਼ਾਲ ਵਾਲੀਆ ਇਕ ਚਿੱਟੇ ਪੋਰਸ਼ ਦੇ ਕੋਲ ਮਿਲਿਆ ਅਤੇ ਅਫਸਰਾਂ ਨੇ ਉਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਗੋਲੀ ਲੱਗਣ ਕਾਰਨ ਦਮ ਤੋੜ ਗਿਆ। ਥੋੜ੍ਹੀ ਦੇਰ ਬਾਅਦ ਸਵੇਰੇ 10:02 ਵਜੇ ਵੈਸਟ 20ਵੇਂ ਐਵੇਨਿਊ ਦੇ 4000-ਬਲਾਕ ਦੇ ਪਿੱਛੇ ਇਕ ਗਲੀ ‘ਚ ਨੇੜੇ ਹੀ ਇਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਜਾਂਚਕਰਤਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਅੱਗ ਵਾਲੀ ਕਾਰ ਵਿਸ਼ਾਲ ਵਾਲੀਆ ਦੀ ਗੋਲੀ ਨਾਲ ਜੁੜੀ ਹੈ, ਇਸ ‘ਤੇ ਮੁੱਢਲੀ ਜਾਂਚ ‘ਚ ਪਤਾ ਲੱਗਾ ਕਿ ਇਹੋ ਕਾਰ ਹਮਲਾਵਰ ਨੇ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ। ਪੁਲੀਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਘਟਨਾ ਬਾਰੇ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲੀਸ ਨਾਲ ਸੰਪਰਕ ਕੀਤਾ ਜਾਵੇ।