ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਧੀ ਰਾਤ ਤੋਂ ਬਾਅਦ ਡੇਢ ਵਜੇ ਦੇ ਕਰੀਬ ਸਤਲੁਜ ਦਰਿਆ ਕੰਢੇ ਪਿੰਡ ਬਾਹਦਰ ਕੇ ਵਿਖੇ ‘ਰੇਡ’ ਮਾਰ ਕੇ ਨਾਜਾਇਜ਼ ਮਾਈਨਿੰਗ ਨੂੰ ਹਨ੍ਹੇਰੇ ‘ਚੋਂ ਉਜਾਗਰ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ‘ਕੱਟੜ ਇਮਾਨਦਾਰ’ ਸਰਕਾਰ ਦੇ ਰਾਜ ‘ਚ ਇਸ ਥਾਂ ਤੋਂ ਪਿਛਲੇ ਕਰੀਬ 21 ਦਿਨ ਤੋਂ ਨਾਜਾਇਜ਼ ਖਣਨ ਨਿਰੰਤਰ ਜਾਰੀ ਹੈ। ਅਜਿਹਾ ਬਿਨਾਂ ਸਰਕਾਰ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਸੰਭਵ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਮਾਈਨਿੰਗ ਵਿਭਾਗ ਦੇ ਮੰਤਰੀ ਨੂੰ ਇਸ ਥਾਂ ‘ਤੇ ਆ ਕੇ ਮੌਕਾ ਦੇਖਣ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਰੇਤ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ ਅਤੇ ਦੂਜੇ ਪਾਸੇ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਵੀ ਜਾਰੀ ਹੈ। ਲੋਕਾਂ ‘ਚ ਇਹ ਪ੍ਰਭਾਵ ਹੈ ਕਿ ਸਰਕਾਰ ਨਾਜਾਇਜ਼ ਖਣਨ ਰੋਕਣ ‘ਚ ਵੀ ਨਾਕਾਮ ਰਹੀ ਅਤੇ ਲੋਕਾਂ ਨੂੰ ਸਸਤੇ ਭਾਅ ਰੇਤਾ ਮੁਹੱਈਆ ਕਰਵਾਉਣ ‘ਚ ਵੀ। ਰਵਨੀਤ ਬਿੱਟੂ ਦੇ ਭਾਰੀ ਸੁਰੱਖਿਆ ‘ਚ ਖਣਨ ਵਾਲੀ ਥਾਂ ਪਹੁੰਚਣ ‘ਤੇ ਟਰੈਕਟਰ ਟਰਾਲੀਆਂ ਵਾਲੇ ਭੱਜ ਗਏ। ਉਨ੍ਹਾਂ ਪੈਦਲ ਚੱਲ ਕੇ ਸਾਰੇ ਹਾਲਾਤਾਂ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਵੀ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਰੇਤ ਮਾਫ਼ੀਆ ਨੇ ਨਾਜਾਇਜ਼ ਮਾਈਨਿੰਗ ਦੇ ਨਿਸ਼ਾਨ ਮਿਟਾਉਣ ਲਈ ਦਰਿਆ ‘ਚੋਂ ਮਾਈਨਿੰਗ ਵਾਲੇ ਪਾਸੇ ਜਾਂਦੇ ਰਸਤੇ ‘ਤੇ ਮਿੱਟੀ ਪਾ ਦਿੱਤੀ। ਅਜਿਹਾ ਉਨ੍ਹਾਂ ਦੀਆਂ ਗੱਡੀਆਂ ਅੱਗੇ ਜਾਣ ਤੋਂ ਰੋਕਣ ਅਤੇ ਸਬੂਤ ਮਿਟਾਉਣ ਦੇ ਮਕਸਦ ਨਾਲ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦੇਣ ਦੀ ਗੱਲ ਕਰਦਿਆਂ ਦੱਸਿਆ ਕਿ ਨੇੜਲੇ ਪਿੰਡਾਂ ਵਾਲੇ ਸਾਰੇ ਰੇਤ ਮਾਫ਼ੀਆ ਤੋਂ ਬਹੁਤ ਔਖੇ ਹਨ। ਟਿੱਪਰ, ਟਰੱਕ ਅਤੇ ਟਰੈਕਟਰ ਟਾਰਲੀਆਂ ਸਾਰੀ ਰਾਤ ਇਨ੍ਹਾਂ ਪਿੰਡਾਂ ‘ਚ ਹਰਲ ਹਰਲ ਕਰਦੇ ਤੇਜ਼ ਰਫ਼ਤਾਰ ਲੰਘਦੇ ਹਨ। ਇਸ ਨਾਲ ਜਿੱਥੇ ਹਰ ਵੇਲੇ ਮੰਦਭਾਗਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ, ਉਥੇ ਹੀ ਪਿੰਡਾਂ ਦੀਆਂ ਸੜਕਾਂ ਵੀ ਰੇਤ ਮਾਫ਼ੀਆ ਨੇ ਤੋੜ ਦਿੱਤੀਆਂ ਹਨ। ਬਹਾਦਰ ਕੇ ਵਿਧਾਨ ਸਭਾ ਹਲਕਾ ਜਗਰਾਉਂ ਦਾ ਆਖਰੀ ਪਿੰਡ ਅਤੇ ਹਲਕੇ ਦੀ ਨੁਮਾਇੰਦਗੀ ਕਰਦੇ ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਵੇਂ ਕਾਂਗਰਸ ਸਮੇਂ ਇਸ ਮੁੱਦੇ ‘ਤੇ ਧਰਨੇ ਦੇ ਕੇ ਕੀਤੀ ਸੀ। ਵਿਧਾਇਕ ਮਾਣੂੰਕੇ ਨੇ ਸੰਪਰਕ ਕਰਨ ‘ਤੇ ਕਿਹਾ ਕਿ ਬਿੱਟੂ ਨੂੰ ਮੌਕੇ ਤੋਂ ਕੁਝ ਨਹੀਂ ਮਿਲਿਆ ਅਤੇ ਹਲਕੇ ‘ਚ ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗੀ।