ਬੇਅਦਬੀ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ ਦੀ ਜਨਤਕ ਹੋਈ ਰਿਪੋਰਟ ਅਤੇ ਖੁਦ ਮੁੱਖ ਮੰਤਰੀ ਵੱਲੋਂ ਇਹ ਕੁਝ ਧਾਰਮਿਕ ਜਥੇਬੰਦੀਆਂ ਨੂੰ ਸੌਂਪਣ ਤੋਂ ਬਾਅਦ ਪੈਦਾ ਹੋਏ ਰੌਲੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਅਹਿਦ ਲੈਂਦਿਆਂ ਕਿਹਾ ਕਿ ਉਹ ਉਦੋਂ ਤੱਕ ਸ਼ਾਂਤ ਨਹੀਂ ਬੈਠਣਗੇ, ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੱਤਾ ਜਾਂਦਾ। ਮੁੱਖ ਮੰਤਰੀ ਮਾਨ ਨੇ ਕਿਹਾ, ਪੰਜਾਬ ਦੀ ਪਾਵਨ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਡੇ ਸਾਰਿਆਂ ਦੇ ਮੱਥੇ ’ਤੇ ਕਲੰਕ ਹੈ। ਇਸ ਘਿਨਾਉਣੀ ਘਟਨਾ ਦਾ ਵਾਪਰ ਜਾਣਾ ਸੋਚ ਤੋਂ ਵੀ ਪਰ੍ਹੇ ਅਤੇ ਨਾਮੁਆਫ਼ੀਯੋਗ ਪਾਪ ਹੈ, ਜਿਸ ਦੇ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਘਿਨਾਉਣੇ ਜੁਰਮ ਦੇ ਦੋਸ਼ੀ ਸ਼ਰ੍ਹੇਆਮ ਦਨਦਨਾਉਂਦੇ ਫਿਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਸਿਰਫ ਇਸ ਲਈ ਹੋਇਆ ਕਿਉਂ ਜੋ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਪਸੀ ਮਿਲੀਭੁਗਤ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਦੋਸ਼ੀ ਸਲਾਖਾਂ ਪਿੱਛੇ ਹੋਣਗੇ, ਜਿਸ ਲਈ ਉਨ੍ਹਾਂ ਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਨਾਲ ਦੋਸ਼ੀ ਸਜ਼ਾ ਤੋਂ ਬਚਦੇ ਆਏ ਹਨ ਪਰ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਇਹ ਵਰਤਾਰਾ ਬੰਦ ਹੋ ਗਿਆ ਕਿਉਂਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਦ੍ਰਿਡ਼੍ਹ ਵਚਨਬੱਧ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਬਲ ਤੋਂ ਕਾਬਲ ਅਧਿਕਾਰੀ ਜਾਂਚ ਦੀ ਅਗਲੇਰੀ ਪੈਰਵੀ ਕਰਨਗੇ ਅਤੇ ਚੰਗੇ ਤੋਂ ਚੰਗੇ ਵਕੀਲ ਅਦਾਲਤ ’ਚ ਕੇਸ ਲਡ਼ਨਗੇ ਤਾਂ ਜੋ ਦੋਸ਼ੀ ਸਜ਼ਾ ਤੋਂ ਬਚ ਨਾ ਸਕਣ। ਗੈਂਗਸਟਰਵਾਦ ਨੂੰ ਕੌਮੀ ਸਮੱਸਿਆ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਖਤਰੇ ਨੂੰ ਰੋਕਣ ਲਈ ਸਾਰੇ ਸੂਬਿਆਂ ਨੂੰ ਆਪਸ ’ਚ ਹੱਥ ਮਿਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਸਦਕਾ ਹੀ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਖ਼ਤਮ ਕਰਨ ’ਚ ਮਦਦ ਮਿਲ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਖ਼ਤਰੇ ਨਾਲ ਨਿਪਟਣ ਲਈ ਪਹਿਲਾਂ ਹੀ ਠੋਸ ਰਣਨੀਤੀ ਤਿਆਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਗਠਿਤ ਗਿਰੋਹ ਦੇ ਖਾਤਮੇ ਲਈ ਸਿਹਰਾ ਆਪਣੇ ਸਿਰ ਲੈਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹਰੇਕ ਸੂਬਾ ਹੀ ਇਸ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਸੂਬੇ ’ਚ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਕਾਂਗਰਸ ਅਤੇ ਅਕਾਲੀਆਂ ਦੀ ਵੀ ਕਰਡ਼ੀ ਆਲੋਚਨਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪੋ-ਆਪਣੇ ਸਵਾਰਥਾਂ ਦੀ ਖਾਤਰ ਗੈਂਗਸਟਰਵਾਦ ਦੀ ਪੁਸ਼ਤਪਨਾਹੀ ਕੀਤੀ। ਆਪਣੇ ਸਿਆਸੀ ਜੀਵਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਮੈਨੂੰ ਮੇਰੀ ਤਕਦੀਰ ਸਿਆਸਤ ’ਚ ਲੈ ਕੇ ਆਈ ਪਰ ਮੈਂ ਗ਼ਰੀਬ ਤੋਂ ਗ਼ਰੀਬ ਲੋਕਾਂ ਦੀ ਸੇਵਾ ਨੂੰ ਪੂਰਨ ਤੌਰ ’ਤੇ ਸਮਰਪਿਤ ਹਾਂ। ਭਗਵੰਤ ਮਾਨ ਨੇ ਕਿਹਾ ਕਿ ਉਹ ਪੂਰੇ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦਾ ਇਕੋ-ਇਕ ਨਿਸ਼ਾਨਾ ਪੰਜਾਬ ਨੂੰ ਮੁਲਕ ’ਚ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਭਾਵੇਂ ਨਵੇਂ ਹੋਣ ਪਰ ਸੂਬੇ ਅਤੇ ਇਸ ਦੇ ਲੋਕਾਂ ਲਈ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਸਮਰਪਣ ਭਾਵਨਾ ਬੇਮਿਸਾਲ ਹੈ।