ਮਸਜਿਦ ਦੇ ਅੰਦਰ ਹੋਏ ਆਤਮਘਾਤੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 90 ਤੱਕ ਪਹੁੰਚ ਗਈ ਹੈ। ਬੀਤੇ ਕੱਲ੍ਹ ਪਾਕਿਸਤਾਨ ਦੇ ਪੇਸ਼ਾਵਰ ‘ਚ ਇਹ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਅੱਜ ਮਲਬੇ ‘ਚੋਂ 9 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲੀਸ ਨੇ ਦੱਸਿਆ ਕਿ ਧਮਾਕਾ ਸੋਮਵਾਰ ਦੁਪਹਿਰ ਇਕ ਵਜੇ ਮਸਜਿਦ ਦੇ ਸੈਂਟਰ ਹਾਲ ‘ਚ ਹੋਇਆ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਕਿਸਤਾਨ ਦੇ ਪੇਸ਼ਾਵਰ ‘ਚ ਸ਼ਰਧਾਲੂਆਂ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ‘ਕੈਨੇਡੀਅਨ ਪਾਕਿਸਤਾਨ ਦੇ ਪੇਸ਼ਾਵਰ ‘ਚ ਸ਼ਰਧਾਲੂਆਂ ‘ਤੇ ਘਿਨਾਉਣੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ। ਮੇਰੀ ਹਮਦਰਦੀ ਪੀੜਤਾਂ ਅਤੇ ਉਨ੍ਹਾਂ ਲੋਕਾਂ ਦੇ ਨਾਲ ਹਨ ਜੋ ਇਸ ਔਖੇ ਸਮੇਂ ‘ਚ ਦੁਖੀ ਹਨ।’ ਖੈਬਰ ਪਖਤੂਨਖਵਾ ਦੇ ਕੇਅਰਟੇਕਰ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਸੂਬੇ ‘ਚ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਭਰ ‘ਚ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ। ਆਜ਼ਮ ਖਾਨ ਨੇ ਪੀੜਤ ਪਰਿਵਾਰਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸੂਬਾਈ ਸਰਕਾਰ ਦੁਖਾਂਤ ਦੇ ਬਾਅਦ ਉਨ੍ਹਾਂ ਨੂੰ ਇਕੱਲਾ ਨਹੀਂ ਛੱਡੇਗੀ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਪੇਸ਼ਾਵਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਬੰਬ ਧਮਾਕੇ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਜ਼ਖਮੀਆਂ ਦਾ ਵੀ ਹਾਲਚਾਲ ਪੁੱਛਿਆ। ਖੈਬਰ ਪਖਤੂਨਖਵਾ ਪੁਲੀਸ ਦੇ ਇੰਸਪੈਕਟਰ ਜਨਰਲ ਮੁਅਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਹਮਲਾ ਕਿਵੇਂ ਹੋਇਆ ਅਤੇ ਅੱਤਵਾਦੀ ਆਸ-ਪਾਸ ਦੇ ਇਲਾਕੇ ‘ਚ ਕਿਵੇਂ ਦਾਖਲ ਹੋਇਆ, ਇਸ ਬਾਰੇ ਜਾਂਚ ਚੱਲ ਰਹੀ ਹੈ’। ਉਸਨੇ ਅੱਗੇ ਕਿਹਾ ਕਿ ਪੁਲੀਸ ਲਾਈਨ ਦੇ ਅੰਦਰ ਪਰਿਵਾਰਕ ਕੁਆਰਟਰ ਹਨ ਅਤੇ ਹਮਲਾਵਰ ਪਹਿਲਾਂ ਤੋਂ ਹੀ ਇਸ ਇਲਾਕੇ ‘ਚ ਰਹਿ ਸਕਦਾ ਹੈ।’ ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ 200 ਜ਼ਖਮੀਆਂ ਨੂੰ ਮੈਡੀਕਲ ਸਹੂਲਤ ਲਈ ਲਿਆਂਦਾ ਗਿਆ।