ਬਹੁਕਰੋੜੀ ਸਿੰਜਾਈ ਘੁਟਾਲੇ ‘ਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਬਿਊਰੋ ਅੱਗੇ ਪੁੱਛਗਿੱਛ ਲਈ ਪੇਸ਼ ਹੋਣਗੇ। ਵਿਜੀਲੈਂਸ ਬਿਊਰੋ ਨੇ ਸਿੰਚਾਈ ਮਹਿਕਮੇ ‘ਚ ਹੋਏ ਇਸ 1200 ਕਰੋੜ ਦੇ ਘਪਲੇ ‘ਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪੁੱਛਗਿੱਛ ਲਈ ਬੁਲਇਆ ਸੀ। ਸਾਬਕਾ ਮੰਤਰੀ ਸੇਖੋਂ ਨੂੰ 30 ਦਸੰਬਰ ਸਵੇਰੇ 10 ਵਜੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਣਾ ਹੈ। ਵਿਜੀਲੈਂਸ ਨੇ ਪੁੱਛਗਿੱਛ ਲਈ ਸੀਨੀਅਰ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ। ਸਵਾਲਾਂ ਦਾ ਇਕ ਪ੍ਰੋਫਾਰਮਾ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਸੁਰਾਗਾਂ ਨੂੰ ਕ੍ਰਾਸ ਚੈੱਕ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਸਾਲ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਇਸ ਘਪਲੇ ਦਾ ਪਰਦਾਫਾਸ਼ ਹੋਇਆ ਸੀ। ਵਿਜੀਲੈਂਸ ਨੇ ਮਾਮਲੇ ‘ਚ ਠੇਕੇਦਾਰ ਗੁਰਿੰਦਰ ਸਿੰਘ ਸਮੇਤ ਤਿੰਨ ਇੰਜੀਨੀਅਰ ਨੂੰ ਕਾਬੂ ਕੀਤਾ ਸੀ। ਠੇਕੇਦਾਰ ਗੁਰਿੰਦਰ ਸਿੰਘ ਨੇ ਪੁੱਛਗਿੱਛ ‘ਚ ਕਈ ਖ਼ੁਲਾਸੇ ਕੀਤੇ ਸਨ। ਉਸ ਨੇ ਦੋਸ਼ ਲਗਾਇਆ ਸੀ ਕਿ ਸਿੰਚਾਈ ਮਹਿਕਮੇ ‘ਚ ਠੇਕੇ ਅਲਾਟ ਕਰਨ ‘ਚ ਵੱਡੇ ਪੱਧਰ ‘ਤੇ ਘਪਲੇਬਾਜ਼ੀ ਹੁੰਦੀ ਸੀ। ਠੇਕੇ ਹਾਸਲ ਕਰਨ ਲਈ ਮਹਿੰਗੀਆਂ ਗੱਡੀਆਂ ਤੋਹਫ਼ੇ ‘ਚ ਦੇਣੀਆਂ ਪੈਂਦੀਆਂ ਸਨ। ਉਸ ਨੇ ਅਧਿਕਾਰੀਆਂ ਅਤੇ ਮੰਤਰੀਆਂ ਦੀ ਭੂਮਿਕਾ ‘ਤੇ ਵੀ ਸਵਾਲ ਚੁੱਕੇ ਸਨ। ਹਾਲਾਂਕਿ ਉਸ ਸਮੇਂ ਇਹ ਮਾਮਲਾ ਠੰਡੇ ਬਸਤੇ ‘ਚ ਚਲਾ ਗਿਆ ਸੀ ਪਰ ਜਿਵੇਂ ਹੀ 2022 ‘ਚ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਨਵੇਂ ਸਿਰੇ ਤੋਂ ਇਸ ਦੀ ਜਾਂਚ ਖੁੱਲ੍ਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਸਾਬਕਾ ਆਈ.ਏ.ਐੱਸ. ਅਧਿਕਾਰੀਆਂ ਅਤੇ ਸਾਬਕਾ ਮੰਤਰੀਆਂ ਤੋਂ ਪੁੱਛਗਿੱਛ ਲਈ ਵਿਜੀਲੈਂਸ ਨੂੰ ਇਜਾਜ਼ਤ ਦਿੱਤੀ ਪਰ ਇਸ ਵਿਚਾਲੇ ਦੋ ਸਾਬਕਾ ਆਈ.ਏ.ਐੱਸ. ਅਧਿਕਾਰੀ ਵਿਦੇਸ਼ ਨਿਕਲ ਗਏ। ਇਸ ਤੋਂ ਬਾਅਦ ਲੁਕ ਆਊਟ ਨੋਟਿਸ ਜਾਰੀ ਹੋਏ ਤਾਂ ਉਨ੍ਹਾਂ ਨੇ ਅਦਾਲਤ ਦੀ ਸ਼ਰਣ ਲਈ। ਹੁਣ ਤੱਕ ਵਿਜੀਲੈਂਸ ਸਾਬਕਾ ਆਈ.ਏ.ਐੱਸ. ਅਧਿਕਾਰੀ ਕਾਹਨ ਸਿੰਘ ਪੰਨੂੰ, ਕੇ.ਬੀ.ਐੱਸ ਸਿੱਧੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਇਸ ਘਪਲੇ ਦੀ ਇਹ ਜਾਂਚ ਕਿਸੇ ਤਣ-ਪੱਤਣ ਲੱਗਦੀ ਹੈ ਜਾਂ ਨਹੀਂ।