ਅੰਮ੍ਰਿਤਸਰ ‘ਚ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਦੇ ਆਖਰੀ ਦਿਨ ਇਕ ਮਤਾ ਪਾਸ ਕਰਕੇ ਆਖਿਆ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਵਾਸਤੇ ਵਾਧੂ ਦਰਿਆਈ ਪਾਣੀ ਨਹੀਂ ਹੈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਜੇਕਰ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਨੂੰ ਨਸ਼ਾ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਦੋ ਦਿਨਾ ਮੀਟਿੰਗ ਸਮਾਪਤ ਹੋ ਗਈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੂਬੇ ਦੇ ਦਰਿਆਈ ਪਾਣੀਆਂ ਨੂੰ ਦੂਜੇ ਰਾਜਾਂ ਨਾਲ ਵੰਡਿਆ ਨਹੀਂ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਭਾਜਪਾ ਨੇ ਅਧਿਕਾਰਤ ਤੌਰ ‘ਤੇ ਦਰਿਆਈ ਪਾਣੀਆਂ ਬਾਰੇ ਸਪੱਸ਼ਟ ਸਟੈਂਡ ਲਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਵਿਆਪਕ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਯਾਤਰਾ ਵੀ ਕੱਢੀ ਜਾਵੇਗੀ। ਸੂਬਾ ਇਕਾਈ ‘ਚ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਨਾਲ ਕੁਝ ਭਾਜਪਾ ਆਗੂਆਂ ਵੱਲੋਂ ਅਣਗੌਲਿਆ ਮਹਿਸੂਸ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਹੁਣ 23 ਤੋਂ 117 ਵਿਧਾਨ ਸਭਾ ਹਲਕਿਆਂ ਵੱਲ ਵਧ ਰਹੀ ਹੈ। ਹਰ ਹਲਕੇ ‘ਚ ਪਾਰਟੀ ਨੇ ਆਪਣੀ ਹੋਂਦ ਬਣਾਉਣੀ ਹੈ। ਇਸ ਲਈ ਭਾਜਪਾ ਨੂੰ ਹੋਰ ਵੀ ਹਮਖ਼ਿਆਲੀ ਆਗੂਆਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣੀ ਤਾਂ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਇਹ ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਪੰਜਾਬ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਸਰਕਾਰ ਤੋਂ ਕੁਝ ਹੀ ਮਹੀਨਿਆਂ ‘ਚ ਤੰਗ ਆ ਚੁੱਕੇ ਹਨ ਅਤੇ ਉਹ ਜਾਣ ਚੁੱਕੇ ਹਨ ਕਿ ਸੂਬੇ ਦਾ ਸਰਬਪੱਖੀ ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਭਾਜਪਾ ਵੱਲੋਂ ਪਾਰਟੀ ‘ਚ ਸ਼ਾਮਲ ਹੋ ਰਹੇ ਕਾਂਗਰਸੀ ਅਤੇ ਹੋਰ ਆਗੂਆਂ ਨੂੰ ਦਿਹਾਤੀ ਖੇਤਰ ‘ਚ ਆਧਾਰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ। ਭਾਜਪਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਸੂਬੇ ਦੇ 13 ਸੰਸਦੀ ਹਲਕਿਆਂ ਤੋਂ ਆਪਣੇ ਉਮੀਦਵਾਰ ਉਤਾਰੇਗੀ ਅਤੇ ਉਹ ਪੂਰੇ ਦਮਖ਼ਮ ਨਾਲ ਚੋਣ ਲੜੇਗੀ। ਇਸ ਸਬੰਧ ‘ਚ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਆਗੂ ਵੀ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਕਰਨਗੇ।