ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ‘ਚ ਇੰਡੀਆ ਦੇ 21 ਸਾਲਾ ਸਿੱਖ ਵਿਦਿਆਰਥੀ ‘ਤੇ ਅਣਪਛਾਤੇ ਨੌਜਵਾਨਾਂ ਦੇ ਗਰੁੱਪ ਸਮੂਹ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਵਿਦਿਆਰਥੀ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਗਗਨਦੀਪ ਸਿੰਘ ਨੂੰ 17 ਮਾਰਚ ਨੂੰ ਹਾਈਵੇਅ 97 ਅਤੇ ਕੇਲੋਨਾ ‘ਚ ਮੈਕਕਰੀ ਰੋਡ ਨੇੜੇ ਬੱਸ ਤੋਂ ਉਤਰਨ ਤੋਂ ਬਾਅਦ ਕੁੱਟਿਆ ਗਿਆ। ਗਗਨਦੀਪ ਗਰੋਸਰੀ ਸਟੋਰ ਦੀ ਖਰੀਦਦਾਰੀ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ ਜਦੋਂ ਬੱਸ ‘ਤੇ ਉਸ ਦੀ 12 ਤੋਂ 15 ਸਾਲ ਦੀ ਉਮਰ ਦੇ ਮੁੰਡਿਆਂ ਦੇ ਝੜਪ ਹੋ ਗਈ। ਵਿਦਿਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ‘ਤੇ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਹਸਪਤਾਲ ‘ਚ ਇਲਾਜ ਕੀਤਾ ਗਿਆ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਸ ਨੂੰ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਉਹ ਗਗਨਦੀਪ ਸਿੰਘ ਨੂੰ ਮਿਲਣ ਪਹੁੰਚੀ। ਉਸ ਨੇ ਨਿਊਜ਼ ਚੈਨਲ ਨੂੰ ਦੱਸਿਆ, ‘ਜਦੋਂ ਮੈਂ ਉਸ ਨੂੰ ਦੇਖਿਆ ਤਾਂ ਡਰ ਗਈ। ਉਹ ਸਿਰਫ਼ ਨਰਮ ਆਵਾਜ਼ ‘ਚ ਬੋਲ ਸਕਦਾ ਸੀ ਤੇ ਆਪਣਾ ਮੂੰਹ ਨਹੀਂ ਖੋਲ੍ਹ ਸਕਦਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਕਾਫੀ ਦਰਦ ‘ਚ ਸੀ।’ ਕੌਂਸਲਰ ਦਾ ਕਹਿਣਾ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਗਗਨਦੀਪ ਸੇਂਟ ਪੈਟ੍ਰਿਕ ਡੇ ‘ਤੇ ਰਾਤ ਕਰੀਬ 10:30 ਵਜੇ ਕਰਿਆਨੇ ਦੀ ਖਰੀਦਦਾਰੀ ਕਰ ਕੇ ਘਰ ਜਾ ਰਿਹਾ ਸੀ। ਉਸ ਨੂੰ ਬੱਸ ‘ਚ 12 ਤੋਂ 15 ਨੌਜਵਾਨਾਂ ਦਾ ਇਕ ਗਰੁੱਪ ਮਿਲਿਆ ਜੋ ਵਿਗ ਸੁੱਟ ਰਿਹਾ ਸੀ। ਉਹ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸ ‘ਤੇ ਵੀ ਵਿੱਗ ਸੁੱਟ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਪ੍ਰੇਸ਼ਾਨ ਨਾ ਕਰਨ। ਉਸਨੇ ਪੁਲੀਸ ਨੂੰ ਬੁਲਾਇਆ ਪਰ ਫਿਰ ਵੀ ਉਹ ਉਸਨੂੰ ਤੰਗ ਕਰਦੇ ਰਹੇ। ਇਸ ਲਈ ਉਹ ਬੱਸ ਤੋਂ ਉੱਤਰ ਗਿਆ। ਮੋਹਿਨੀ ਸਿੰਘ ਨੇ ਅੱਗੇ ਕਿਹਾ, ‘ਨੌਜਵਾਨਾਂ ਦਾ ਟੋਲਾ ਵੀ ਗਗਨਦੀਪ ਦੇ ਪਿੱਛੇ ਉੱਤਰ ਗਿਆ। ਉਨ੍ਹਾਂ ਨੇ ਬੱਸ ਨਿਕਲਣ ਦਾ ਇੰਤਜ਼ਾਰ ਕੀਤਾ ਅਤੇ ਫਿਰ ਗਗਨਦੀਪ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਚਿਹਰੇ, ਉਸ ਦੀਆਂ ਪਸਲੀਆਂ, ਬਾਹਾਂ ਤੇ ਲੱਤਾਂ ‘ਤੇ ਹਮਲਾ ਕੀਤਾ ਤੇ ਫਿਰ ਉਸ ਦੀ ਪੱਗ ਫੜ ਲਈ। ਉਸ ਦੇ ਵਾਲ ਖਿੱਚੇ ਤੇ ਉਸ ਨੂੰ ਘੜੀਟਿਆ। ਗਗਨਦੀਪ ਨੂੰ ਛੱਡਣ ਤੋਂ ਬਾਅਦ ਉਹ ਉਸ ਦੀ ਪੱਗ ਆਪਣੇ ਨਾਲ ਲੈ ਗਏ। ਉਸ ਦੀ ਪੱਗ ਉਤਾਰਨਾ ਸਭ ਤੋਂ ਮਾੜਾ ਕੰਮ ਸੀ। ਕੌਂਸਲਰ ਨੇ ਦੱਸਿਆ ਕਿ ਹੋਸ਼ ਆਉਣ ਤੋਂ ਬਾਅਦ ਗਗਨਦੀਪ ਨੇ ਆਪਣੇ ਦੋਸਤ ਨੂੰ ਫੋਨ ਕੀਤਾ, ਜਿਨ੍ਹਾਂ ਨੇ ਮੌਕੇ ‘ਤੇ ਆ ਕੇ 911 ‘ਤੇ ਫੋਨ ਕੀਤਾ। ਗਗਨਦੀਪ ਦੇ ਦੋਸਤ ਵਿਦਿਆਰਥੀ ‘ਤੇ ਹੋਏ ਹਮਲੇ ਤੋਂ ਡਰੇ ਹੋਏ ਹਨ। ਇਸ ਤੋਂ ਬਾਅਦ ਐਤਵਾਰ ਨੂੰ ਬੱਸ ਸਟਾਪ ‘ਤੇ ਇਕ ਇਕੱਠ ਹੋਇਆ ਜਿੱਥੇ ਉਨ੍ਹਾਂ ਦੱਸਿਆ ਕਿ ਕਿਵੇਂ ਉਹ ਆਪਣੇ ਭਾਈਚਾਰੇ ‘ਚ ਘੱਟ ਸੁਰੱਖਿਅਤ ਮਹਿਸੂਸ ਕਰਦੇ ਹਨ। ਕੌਂਸਲਰ ਦਾ ਕਹਿਣਾ ਹੈ ਕਿ ਗਗਨਦੀਪ ਸਿੱਖ ਹੈ ਤੇ ਇੰਡੀਆ ਦਾ ਰਹਿਣ ਵਾਲਾ ਹੈ, ਜੋ ਕਿ ‘ਬਿਨਾਂ ਸ਼ੱਕ’ ਹਮਲੇ ਦਾ ਕਾਰਨ ਹੈ। ਉਸ ਨੇ ਕਿਹਾ, ‘ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਕਿ ਇਹ ਨਸਲਵਾਦ ਹੈ ਤੇ ਇਸ ਨੂੰ ਅਜਿਹਾ ਹੀ ਮੰਨਿਆ ਜਾਣਾ ਚਾਹੀਦਾ ਹੈ। ਇਹ ਅਜਿਹੀ ਚੀਜ਼ ਨਹੀਂ ਹੈ ਜੋ ਕਿਤੇ ਵੀ ਸਵੀਕਾਰਯੋਗ ਨਹੀਂ ਹੈ। ਇਹ ਅਸਹਿਣਯੋਗ ਹੈ।’ ਕੇਲੋਨਾ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਇਕ ਬਿਆਨ ‘ਚ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸੱਟਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਪੀੜਤ ਨੂੰ ਪੈਰਾਮੈਡਿਕਸ ਨੇ ਹਸਪਤਾਲ ਪਹੁੰਚਾਇਆ। ਬੁਲਾਰੇ ਕਾਂਸਟੇਬਲ ਮਾਈਕ ਡੇਲਾ-ਪਾਓਲੇਰਾ ਨੇ ਕਿਹਾ, ‘ਕੇਲੋਨਾ ਆਰ.ਸੀ.ਐਮ.ਪੀ. ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਤੇ ਚਿੰਤਤ ਹੈ ਕਿ ਸਾਡੇ ਸ਼ਹਿਰ ‘ਚ ਇਸ ਤਰ੍ਹਾਂ ਦਾ ਅਪਰਾਧ ਹੋਇਆ ਹੈ। ਇਹ ਹਮਲਾ ਸਾਡੇ ਜਾਂਚਕਰਤਾਵਾਂ ਲਈ ਇਕ ਪ੍ਰਮੁੱਖ ਤਰਜੀਹ ਹੈ।’