ਭਾਰਤੀ ਕਿਸਾਨ ਯੂਨੀਅਨ ਟਿਕੈਤ ਧੜਾ ਘੱਟੋ-ਘੱਟ ਸਮਰਥਨ ਮੁੱਲ ਸਮੇਤ 21 ਮੁੱਦਿਆਂ ਨੂੰ ਲੈ ਕੇ ਵੱਡੇ ਅੰਦੋਲਨ ਦੀ ਤਿਆਰੀ ਕਰ ਰਿਹਾ ਹੈ। ਜਥੇਬੰਦੀ ਦੇ ਕੌਮੀਬੁਲਾਰੇ ਰਾਕੇਸ਼ ਟਿਕੈਤ ਨੇ ਇਕ ਵੱਡੀ ਲਹਿਰ ਦੀ ਗੱਲ ਕਰਦਿਆਂ ਦੋਸ਼ ਲਾਇਆ ਕਿ ਝੋਨੇ ਦੀ ਖਰੀਦ ‘ਚ ਵਿਚੋਲਿਆਂ ਦਾ ਦਬਦਬਾ ਹੈ। ਅੰਦੋਲਨ ਦੀ ਰਣਨੀਤੀ ਤੈਅ ਕਰਨ ਦੇ ਨਾਲ-ਨਾਲ ਮਹਾਪੰਚਾਇਤ ‘ਚ ਇਸ ਦਾ ਐਲਾਨ ਕੀਤਾ ਜਾਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦੇਸ਼ ‘ਚ ਐੱਮ.ਐੱਸ.ਪੀ. ਇਕ ਵੱਡਾ ਮੁੱਦਾ ਹੈ, ਜਿਸ ਨੂੰ ਲੈ ਕੇ ਦੇਸ਼ ‘ਚ ਮੁੜ ਇਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜੋ ਪਿਛਲੇ 13 ਮਹੀਨਿਆਂ ਦੇ ਅੰਦੋਲਨ ਨਾਲੋਂ ਵੀ ਵੱਡਾ ਅੰਦੋਲਨ ਹੋਵੇਗਾ। ਘੱਟੋ-ਘੱਟ ਸਮਰਥਨ ਮੁੱਲ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਰਾਕੇਸ਼ ਟਿਕੈਤ ਨੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਉਠਾਉਂਦਿਆਂ ਵੱਡੇ ਅੰਦੋਲਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਨਹੀਂ ਮਿਲ ਰਿਹਾ। ਵਿਚੋਲੇ ਕਿਸਾਨਾਂ ਤੋਂ ਝੋਨਾ ਲੈ ਕੇ ਖਰੀਦ ਕੇਂਦਰਾਂ ‘ਤੇ ਵੇਚ ਰਹੇ ਹਨ। ਇਸ ‘ਚ ਅਫ਼ਸਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਪਹਿਲਾਂ ਨਾਲੋਂ ਵੀ ਵੱਡਾ ਅੰਦੋਲਨ ਸ਼ੁਰੂ ਕਰਨਾ ਹੋਵੇਗਾ। ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।