ਅਮਰੀਕਨ ਖਿਡਾਰੀ ਟਾਮੀ ਪਾਲ ਨੂੰ ਹਰਾ ਕੇ ਸਰਬੀਆ ਦਾ ਚੌਥਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕਰ ਗਿਆ ਹੈ। ਹੁਣ ਉਹ ਐਤਵਾਰ ਨੂੰ ਤੀਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਦੇ ਸਾਹਮਣੇ ਹੋਵੇਗਾ। ਜੋਕੋਵਿਚ ਇਸ ਤਰ੍ਹਾਂ ਮੈਲਬੋਰਨ ਪਾਰਕ ‘ਚ 10ਵੀਂ ਚੈਂਪੀਅਨਸ਼ਿਪ ਤੇ 22ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਇਕ ਮੈਚ ਦੂਰ ਹੈ। ਜੋਕੋਵਿਚ ਸੈਮੀਫਾਈਨਲ ‘ਚ ਸ਼ੁਰੂ ‘ਚ ਲੜਖੜਾਇਆ ਪਰ ਉਸ ਨੇ ਆਸਟਰੇਲੀਅਨ ਓਪਨ ‘ਚ ਲਗਾਤਾਰ ਜਿੱਤਣ ਦੀ ਲੈਅ 27 ਮੈਚ ਕਰ ਲਈ ਜਿਹੜੀ 1968 ਤੋਂ ਸ਼ੁਰੂ ਓਪਨ ਯੁੱਗ ‘ਚ ਸਭ ਤੋਂ ਲੰਬੀ ਹੈ। ਹਾਲਾਂਕਿ ਇਸ ਜਿੱਤ ਦੀ ਲੈਅ ‘ਚ ਇਕ ਸਾਲ ਪਹਿਲਾਂ ਅੜਿੱਕਾ ਪਿਆ ਸੀ ਜਦੋਂ ਜੋਕੋਵਿਚ ਨੂੰ ਕੋਵਿਡ-19 ਟੀਕਾਕਰਨ ਨਾ ਕਰਵਾਉਣ ਦੇ ਕਾਰਨ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਸ ਨੇ ਅਜੇ ਤਕ ਟੀਕਾਕਰਣ ਨਹੀਂ ਕਰਵਾਇਆ ਹੈ ਪਰ ਇਸ ਸਾਲ ਵੀਜ਼ਾ ਪਾਬੰਦੀਆਂ ‘ਤੇ ਲੱਗੀਆਂ ਪਾਬੰਦੀਆਂ ‘ਚ ਢਿੱਲ ਦਿੱਤੀ ਗਈ ਹੈ। ਹੁਣ ਉਹ ਐਤਵਾਰ ਨੂੰ ਸਿਤਸਿਪਾਸ ਦੇ ਸਾਹਮਣੇ ਹੋਵੇਗਾ ਜਿਸ ਨੇ ਤੀਜੇ ਸੈੱਟ ‘ਚ ਦੋ ਮੈਚ ਪੁਆਇੰਟ ਗਵਾਉਣ ਤੋਂ ਬਾਅਦ ਚੰਗੀ ਵਾਪਸੀ ਕਰਕੇ ਕਾਰੇਨ ਖਾਚਨੋਵ ਨੂੰ ਚਾਰ ਸੈੱਟਾਂ ਤਕ ਚੱਲੇ ਮੈਚ ‘ਚ ਹਰਾ ਕੇ ਪਹਿਲੀ ਵਾਰ ਮੈਲਬੋਰਨ ਪਾਰਕ ਦੇ ਫਾਈਨਲ ‘ਚ ਜਗ੍ਹਾ ਬਣਾਈ। ਸਿਤਸਿਪਾਸ ਨੇ ਇਹ ਮੈਚ ਆਖੀਰ ‘ਚ 7-6(2), 6-4, 6-7(6), 6-3 ਨਾਲ ਜਿੱਤ ਲਿਆ। ਫਾਈਨਲ ‘ਚ ਜਿਹੜਾ ਖਿਡਾਰੀ ਜਿੱਤੇਗਾ ਉਹ ਏ.ਟੀ.ਪੀ. ਰੈਂਕਿੰਗ ‘ਚ ਚੋਟੀ ‘ਤੇ ਪਹੁੰਚ ਜਾਵੇਗਾ। ਜੋਕੋਵਿਚ ਦੀ ਇਸ ਚੋਟੀ ਦੇ ਸਥਾਨ ‘ਤੇ ਵਾਪਸੀ ਹੋਵੇਗੀ ਜਿਸ ‘ਤੇ ਉਹ ਕਿਸੇ ਹੋਰ ਖਿਡਾਰੀ ਤੋਂ ਵੱਧ ਹਫਤਿਆਂ ਤਕ ਕਾਬਜ਼ ਰਹਿ ਚੁੱਕਾ ਹੈ। ਸਿਤਸਿਪਾਸ ਜੇਕਰ ਜਿੱਤ ਜਾਂਦਾ ਹੈ ਤਾਂ ਉਹ ਪਹਿਲੇ ਨੰਬਰ ‘ਤੇ ਡੈਬਿਊ ਕਰੇਗਾ। ਸਿਤਸਿਪਾਸ ਇਸ ਤੋਂ ਪਹਿਲਾਂ ਆਸਟਰੇਲੀਅਨ ਓਪਨ ‘ਚ 3 ਵਾਰ ਸੈਮੀਫਾਈਨਲ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਉਹ ਆਪਣੇ ਕਰੀਅਰ ‘ਚ ਦੂਜੀ ਵਾਰ ਕਿਸੇ ਗਰੈਂਡ ਸਲੈਮ ਪ੍ਰਤੀਯੋਗਿਤਾ ਦੇ ਫਾਈਨਲ ‘ਚ ਪਹੁੰਚਿਆ ਹੈ।