ਪੰਜਾਬ ਅੰਦਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਈ ਸੰਗੀਨ ਧਾਰਾਵਾਂ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਭਗੌੜਾ ਐਲਾਨੇ ਜਾਣ ਤੋਂ ਬਾਅਦ ਵਿਦੇਸ਼ਾਂ ‘ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ਦਾ ਸੇਕ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਸਮੇਤ ਕੁਝ ਹੋਰਨਾਂ ਮੁਲਕਾਂ ‘ਚ ਦਿਖਾਈ ਦਿੱਤਾ। ਅਮਰੀਕਾ ਦੇ ਸ਼ਹਿਰ ਸਾਂ ਫਰਾਂਸਿਸਕੋ ‘ਚ ਤਾਂ ਖਾਲਿਸਤਾਨੀ ਪੱਖੀ ਸਮਰਥਕਾਂ ਦੇ ਇਕ ਗਰੁੱਪ ਨੇ ਭਾਰਤੀ ਦੂਤਾਵਾਸ ਉਤੇ ‘ਹਮਲਾ’ ਕਰ ਦਿੱਤਾ ਤੇ ਇਸ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਦੀ ਭਾਰਤੀ-ਅਮਰੀਕਨਾਂ ਨੇ ਸਖ਼ਤ ਨਿਖੇਧੀ ਕੀਤੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਮੰਗੀ ਹੈ। ਇੰਡੀਆ ਨੇ ਘਟਨਾ ਦੀ ਨਿਖੇਧੀ ਕਰਦਿਆਂ ਅਮਰੀਕਾ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਵਾਰਦਾਤਾਂ ਨੂੰ ਮੁੜ ਤੋਂ ਨਾ ਹੋਣ ਦੇਣ ਲਈ ਢੁੱਕਵੇਂ ਕਦਮ ਚੁੱਕਣ। ਭਾਰਤੀ ਭਾਈਚਾਰੇ ਨਾਲ ਸਬੰਧਤ ਇਕ ਸੰਗਠਨ ‘ਐਫ.ਆਈ.ਆਈ.ਡੀ.ਐੱਸ.’ ਨੇ ਕਿਹਾ ਕਿ ਲੰਡਨ ਤੇ ਸਾਂ ਫਰਾਂਸਿਸਕੋ ਵਿਚ ਵਾਪਰੀਆਂ ਘਟਨਾਵਾਂ ਕਾਨੂੰਨ-ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਦਰਸਾਉਂਦੀਆਂ ਹਨ ਜਿੱਥੇ ਕੁਝ ਵੱਖਵਾਦੀ ਕੱਟੜਵਾਦੀਆਂ ਨੇ ਭਾਰਤੀ ਕੂਟਨੀਤਕ ਮਿਸ਼ਨਾਂ ਉਤੇ ਹਮਲਾ ਕੀਤਾ ਹੈ। ਸੰਗਠਨ ਨੇ ਕਿਹਾ ਕਿ ਯੂ.ਕੇ. ਤੇ ਅਮਰੀਕਾ ਕੂਟਨੀਤਕ ਮਿਸ਼ਨਾਂ ਦੀ ਸੁਰੱਖਿਆ ਲਈ ਵੀਏਨਾ ਸਮਝੌਤੇ ਵਿਚ ਜ਼ਾਹਿਰ ਵਚਨਬੱਧਤਾ ਨੂੰ ਪੂਰੀ ਕਰਨ ‘ਚ ਨਾਕਾਮ ਹੋਏ ਹਨ। ਉਨ੍ਹਾਂ ਹੋਮਲੈਂਡ ਸਕਿਉਰਿਟੀ, ਐਫ.ਬੀ.ਆਈ. ਤੇ ਸੀ.ਆਈ.ਏ. ਜਿਹੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਅਮਰੀਕਾ ‘ਚ ਅੱਤਵਾਦ ਲਈ ਕੋਈ ਥਾਂ ਨਾ ਹੋਵੇ, ਨਾ ਹੀ ਇਸ ਨੂੰ ਹਮਾਇਤ ਮਿਲੇ। ‘ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼’ ਨੇ ਕਿਹਾ ਕਿ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐੱਸ.ਆਈ. ਝੂਠੇ ਪ੍ਰਚਾਰ ਰਾਹੀਂ ਸਿੱਖ ਕੱਟੜਵਾਦ ਨੂੰ ਫੰਡ ਕਰ ਰਹੀ ਹੈ। ਸੰਗਠਨ ਨੇ ਭਾਰਤੀ-ਅਮਰੀਕਨਾਂ ਨੂੰ ਕੱਟੜਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ‘ਚ ਬਹੁ-ਗਿਣਤੀ ਸਿੱਖ ਵੀ ਹਨ। ਵੇਰਵਿਆਂ ਮੁਤਾਬਕ ਸਾਂ ਫਰਾਂਸਿਸਕੋ ‘ਚ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਮੁਜ਼ਾਹਰਾਕਾਰੀ ਆਰਜ਼ੀ ਸੁਰੱਖਿਆ ਨਾਕੇ ਤੋੜ ਕੇ ਦੂਤਾਵਾਸ ਦੇ ਨੇੜੇ ਪਹੁੰਚ ਗਏ ਤੇ ਕੌਂਸਲੇਟ ਦੇ ਅੰਦਰ ਦੋ ਅਖੌਤੀ ਖਾਲਿਸਤਾਨੀ ਝੰਡੇ ਲਾ ਦਿੱਤੇ। ਕੌਂਸਲੇਟ ਦੇ ਦੋ ਕਰਮੀਆਂ ਨੇ ਮਗਰੋਂ ਜਲਦੀ ਝੰਡੇ ਉਤਾਰ ਦਿੱਤੇ। ਥੋੜ੍ਹੀ ਹੀ ਦੇਰ ਬਾਅਦ ਗੁੱਸੇ ‘ਚ ਆਏ ਮੁਜ਼ਾਹਰਾਕਾਰੀਆਂ ਦਾ ਇਕ ਗਰੁੱਪ ਦੂਤਾਵਾਸ ਦੀ ਇਮਾਰਤ ‘ਤੇ ਪਹੁੰਚ ਗਿਆ ਤੇ ਦਰਵਾਜ਼ੇ-ਖਿੜਕੀਆਂ ਭੰਨ੍ਹਣ ਲੱਗਾ। ਉਨ੍ਹਾਂ ਹੱਥਾਂ ‘ਚ ਰਾਡਾਂ ਫੜੀਆਂ ਹੋਈਆਂ ਸਨ। ਪੁਲੀਸ ਨੇ ਹਾਲੇ ਤੱਕ ਘਟਨਾ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸੇ ਤਰ੍ਹਾਂ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ‘ਚ ਸੰਸਦ ਸਾਹਮਣੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਮੈਲਬਰਨ ਸਮੇਤ ਨੇੜਲੇ ਸ਼ਹਿਰਾਂ ਤੋਂ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲੀਸ ਵੱਲੋਂ ਹਿਰਾਸਤ ‘ਚ ਲਏ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਗਰੀਨਜ਼ ਪਾਰਟੀ ਦੇ ਸੈਨੇਟਰ ਨੇ ਆਪਣੇ ਸੰਖੇਪ ਭਾਸ਼ਨ ‘ਚ ਪੰਜਾਬ ‘ਚ ਇੰਟਰਨੈਟ ਸੇਵਾਵਾਂ ਬੰਦ ਕਰਨ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਬਾਹਰ ਨਾ ਆਉਣ ਦੇਣ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਸਟਰੇਲੀਆ ਸਰਕਾਰ ਨੂੰ ਆਪਣੇ ਦੁਵੱਲੇ ਵਪਾਰਕ ਹਿੱਤਾਂ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਲੰਡਨ ‘ਚ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੀ ਗਈ ਭੰਨ-ਤੋੜ ਦੀ ਘਟਨਾ ਤੋਂ ਬਾਅਦ ਬਰਤਾਨੀਆ ਦੇ ਚੋਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਯੂ.ਕੇ. ਵਿਚਲੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ’ ਨਾਲ ਲਿਆ ਜਾਵੇਗਾ। ਉਨ੍ਹਾਂ ਇਸ ਘਟਨਾ ਨੂੰ ‘ਬਰਦਾਸ਼ਤ ਤੋਂ ਬਾਹਰ’ ਕਰਾਰ ਦਿੱਤਾ ਹੈ ਤੇ ਸਕਾਟਲੈਂਡ ਯਾਰਡ ਪੁਲੀਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਾਈ ਕਮਿਸ਼ਨ ਉਤੇ ਲੱਗੇ ਤਿਰੰਗੇ ਨੂੰ ਐਤਵਾਰ ਖਾਲਿਸਤਾਨ ਪੱਖੀ ਮੁਜ਼ਾਹਰਾਕਾਰੀਆਂ ਵੱਲੋਂ ਲਾਹ ਦਿੱਤਾ ਗਿਆ ਸੀ। ਉਨ੍ਹਾਂ ਖਾਲਿਸਤਾਨ ਦੇ ਝੰਡੇ ਫੜੇ ਹੋਏ ਸਨ ਤੇ ਉਹ ਨਾਅਰੇਬਾਜ਼ੀ ਕਰ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ‘ਹਮਲੇ ਦਾ ਨਾਕਾਮ ਯਤਨ ਹੋਇਆ ਹੈ’ ਤੇ ਇਸ ਨੂੰ ਰੋਕਿਆ ਗਿਆ ਹੈ ਅਤੇ ਤਿਰੰਗਾ ਹੁਣ ‘ਸ਼ਾਨ’ ਨਾਲ ਲਹਿਰਾ ਰਿਹਾ ਹੈ।