ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਡੇਰਾ ਰਾਧਾ ਸੁਆਮੀ ਬਿਆਸ ਪੁੱਜ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ 30 ਮਿੰਟ ਬੰਦ ਕਮਰਾ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਤੋ ਹੈਲੀਕਾਪਟਰ ਰਾਹੀ ਅੱਜ 11.10 ਵਜੇ ਡੇਰਾ ਬਿਆਸ ਦੇ ਅੰਦਰ ਬਣੇ ਪ੍ਰਾਈਵੇਟ ਏਅਰ ਬੇਸ ਤੇ ਪੁੱਜੇ ਜਿੱਥੇ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖ਼ੁਦ ਲੈਣ ਲਈ ਪੁੱਜੇ ਹੋਏ ਸਨ। ਡੇਰਾ ਮੁਖੀ ਬਾਬਾ ਢਿੱਲੋਂ ਅਤੇ ਪ੍ਰਧਾਨ ਮੰਤਰੀ ਵੱਲੋਂ 30 ਮਿੰਟ ਦੇ ਕਰੀਬ ਬੰਦ ਕਮਰਾ ਮੀਟਿੰਗ ਕਰਨ ਉਪਰੰਤ ਉਹ ਡੇਰੇ ‘ਚ ਲੰਗਰ ਹਾਲ ਦਾ ਦੌਰਾ ਕੀਤਾ। ਜਿੱਥੇ ਸੰਗਤਾਂ ਨਾਲ ਸਿੱਧਾ ਰਾਬਤਾ ਕੀਤਾ। ਮੀਟਿੰਗ ਦੌਰਾਨ ਹੋਈ ਗੱਲਬਾਤ ਦੇ ਵੇਰਵੇ ਪ੍ਰਾਪਤ ਨਹੀਂ ਹੋਏ ਪਰ ਇਸ ਮੀਟਿੰਗ ਨੂੰ ਹਿਮਾਚਲ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਬੰਦ ਕਮਰਾ ਗੱਲਬਾਤ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12-05 ਤੇ ਡੇਰਾ ਬਿਆਸ ਦੇ ਏਅਰ ਬੇਸ ਤੋਂ ਰਵਾਨਾ ਹੋ ਗਏ। ਇਸ ਮੌਕੇ ਪੰਜਾਬ ਪੁਲੀਸ ਦੇ ਡੀ.ਜੀ.ਪੀ. ਗੌਰਵ ਯਾਦਵ, ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵੀ ਪੁੱਜੇ ਹੋਏ ਸਨ। ਇਸ ਤੋਂ ਪਹਿਲਾਂ ਜਲੰਧਰ ਦੇ ਆਦਮਪੁਰ ਏਅਰਬੇਸ ‘ਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਡੇਰਾ ਬਿਆਸ ਪੁੱਜਣ ‘ਤੇ ਮੋਦੀ ਨੇ ਡੇਰੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਸੰਗਤ ਭਵਨ ਵੀ ਪੁੱਜੇ ਤੇ ਉਥੇ ਮੌਜੂਦ ਡੇਰਾ ਸਮਰਥਕਾਂ ਦਾ ਨਮਸਕਾਰ ਵੀ ਕਬੂਲਿਆ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡੇਰੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਿਆਸ ਆਏ ਹਨ। ਡੇਰਾ ਬਿਆਸ ਦਾ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ‘ਚ ਵੀ ਕਾਫੀ ਅਸਰ ਹੈ। ਹਿਮਾਚਲ ਪ੍ਰਦੇਸ਼ ‘ਚ ਵੱਡੀ ਗਿਣਤੀ ‘ਚ ਡੇਰਾ ਬਿਆਸ ਦੇ ਪੈਰੋਕਾਰ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵੀ ਕਈ ਵਾਰ ਇੱਥੇ ਅਸ਼ੀਰਵਾਦ ਲੈਣ ਆ ਚੁੱਕੇ ਹਨ।