ਸਾਂਝੇ ਆਪਰੇਸ਼ਨ ‘ਚ ਨੇਪਾਲ ਬਾਰਡਰ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਦੀ ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਦਿੰਦਿਆਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘ਦੀਪਕ ਮੁੰਡੀ ਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਤੱਕ ਇਸ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।’ ਉਹ ਪਿੰਡ ਮੂਸਾ ‘ਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਹਨ ਤੇ ਸੌ-ਸੌ ਕੇਸ ਦਰਜ ਹੋਣ ਦੇ ਬਾਵਜੂਦ ਉਹ ਕਾਨੂੰਨੀ ਚੋਰ ਮੋਰੀਆਂ ਰਾਹੀਂ ਬਚ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਕਤਲ ਕਰਨੇ, ਧਮਕੀਆਂ ਦੇਣੀਆਂ ਤੇ ਫਿਰੌਤੀਆਂ ਮੰਗਣਾ ਇਨ੍ਹਾਂ ਗੈਂਗਸਟਰਾਂ ਦਾ ਧੰਦਾ ਹੈ ਅਤੇ ਲੋਕਾਂ ‘ਚ ਸਹਿਮ ਪੈਦਾ ਕਰ ਕੇ ਇਹ ਸਰਕਾਰਾਂ ਦੇ ਬਰਾਬਰ ਆਪਣੇ ਧੰਦੇ ਚਲਾ ਰਹੇ ਹਨ। ਪੰਜਾਬੀ ਗਾਇਕ ਦੇ ਪਿਤਾ ਨੇ ਕਿਹਾ, ‘ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਅਤੇ ਪੰਜਾਬ ਵਿੱਚ ਗੈਂਗਸਟਰ ਰਾਜ ਖ਼ਤਮ ਹੋਣ ਤੱਕ ਮੈਂ ਟਿਕ ਕੇ ਨਹੀਂ ਬੈਠਾਂਗਾ।’ ਉਨ੍ਹਾਂ ਰੋਸ ਜਤਾਇਆ ਕਿ ਹਾਲੇ ਤੱਕ ਕਿਸੇ ਵੀ ਸਿਆਸਤਦਾਨ ਵੱਲੋਂ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਉਪਰੋਂ ਬਾਹਰ ਬੈਠੇ ਗੋਲਡੀ ਬਰਾੜ ਵੱਲੋਂ ਨੇਪਾਲ ਬਾਰਡਰ ਤੋਂ ਫੜ ਕੇ ਪੰਜਾਬ ਲਿਆਂਦੇ ਜਾ ਰਹੇ ਦੀਪਕ ਮੁੰਡੀ ਨਾਲ ਸਹੀ ਵਿਹਾਰ ਕਰਨ ਲਈ ਡੀ.ਜੀ.ਪੀ. ਪੰਜਾਬ ਅਤੇ ਜੇਲ੍ਹ ਮੰਤਰੀ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਬਲਕੌਰ ਸਿੰਘ ਸਿੱਧੂ ਨੇ ਕਿਹਾ, ‘ਮੇਰੇ ਪੁੱਤ ਨੂੰ ਗੈਂਗਸਟਰਾਂ ਨੇ ਬਗ਼ੈਰ ਕਸੂਰ ਤੋਂ ਗੋਲੀ ਮਾਰ ਕੇ ਕਤਲ ਕੀਤਾ। ਸਰਕਾਰ ਅਜਿਹੇ ਗੈਂਗਸਟਰਾਂ ਨੂੰ ਸਜ਼ਾਂਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ। ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜਿਸ਼ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਲੱਗਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।’