ਕੈਨੇਡਾ ਸਰਕਾਰ ਨੇ ਸਪੱਸ਼ਟ ਕੀਤਾ ਕਿ ਦੇਸ਼ ’ਚ ਚਰਚ ਦੁਆਰਾ ਚਲਾਏ ਜਾ ਰਹੇ ਰਿਹਾਇਸ਼ੀ ਸਕੂਲਾਂ ’ਚ ਆਦਿਵਾਸੀ ਲੋਕਾਂ ’ਤੇ ਹੋਏ ਅੱਤਿਆਚਾਰਾਂ ਲਈ ਪੋਪ ਫਰਾਂਸਿਸ ਦੀ ਮੁਆਫ਼ੀ ਕਾਫੀ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਤੀਤ ਦੇ ਮਾਡ਼ੇ ਵਿਹਾਰ ਲਈ ਮੌਜੂਦਾ ਸੁਲ੍ਹਾ-ਸਫ਼ਾਈ ਦੇ ਯਤਨਾਂ ’ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪੋਪ ਫਰਾਂਸਿਸ ਕੈਨੇਡਾ ਦੇ ਆਪਣੇ ਹਫ਼ਤੇ ਭਰ ਦੇ ਦੌਰੇ ਦੇ ਦੂਜੇ ਪਡ਼ਾਅ ਦੌਰਾਨ ਕਿਊਬਿਕ ਸਿਟੀ ਪਹੁੰਚੇ, ਜਿੱਥੇ ਉਨ੍ਹਾਂ ਨੇ ਗਵਰਨਰ ਜਨਰਲ ਮੈਰੀ ਸਾਈਮਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਫਰਾਂਸਿਸ ਨੇ ਕਿਹਾ ਕਿ ਉਹ ਰਿਹਾਇਸ਼ੀ ਸਕੂਲਾਂ ’ਚ ਚਰਚ ਦੀ ਭੂਮਿਕਾ ਨੂੰ ਲੈ ਕੇ ‘ਪਛਤਾਵੇ ਦੀ ਯਾਤਰਾ’ ਉੱਤੇ ਆਏ ਹਨ। ਕੈਨੇਡਾ ’ਚ ਪੀਡ਼੍ਹੀਆਂ ਤੋਂ ਆਦਿਵਾਸੀ ਬੱਚਿਆਂ ਨੂੰ ਜ਼ਬਰਦਸਤੀ ਘਰ ਤੋਂ ਬਾਹਰ ਕੱਢ ਕੇ ਚਰਚ ਦੁਆਰਾ ਸੰਚਾਲਿਤ ਅਤੇ ਸਰਕਾਰੀ ਫੰਡ ਵਾਲੇ ਸਕੂਲਾਂ ’ਚ ਪਡ਼੍ਹਨ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਜੋ ਉਨ੍ਹਾਂ ਨੂੰ ਈਸਾਈਅਤ ਅਤੇ ਕੈਨੇਡੀਅਨ ਸਮਾਜ ’ਚ ਸ਼ਾਮਲ ਕੀਤਾ ਜਾ ਸਕੇ। ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਸਕੂਲਾਂ ’ਚ ਜਿਨਸੀ ਸ਼ੋਸ਼ਣ ਅਤੇ ਹਮਲਾ ਆਮ ਗੱਲ ਸੀ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ’ਤੇ ਵੀ ਕੁੱਟਿਆ ਜਾਂਦਾ ਸੀ। ਟਰੂਡੋ ਦੇ ਪਿਤਾ ਪੀਅਰੇ ਟਰੂਡੋ ਪ੍ਰਧਾਨ ਮੰਤਰੀ ਸਨ, ਜਦੋਂ ਕੈਨੇਡਾ ’ਚ ਅਜਿਹੇ ਰਿਹਾਇਸ਼ੀ ਸਕੂਲ ਸੰਚਾਲਨ ਦੇ ਅੰਤਿਮ ਪਡ਼ਾਅ ’ਚ ਸਨ। ਜਸਟਿਨ ਨੇ ਕਿਹਾ ਕਿ ਕੈਥੋਲਿਕ ਚਰਚ ਨੂੰ ਇਕ ਸੰਸਥਾ ਵਜੋਂ ਪਿਛਲੇ ਅੱਤਿਆਚਾਰਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸੁਲ੍ਹਾ-ਸਫ਼ਾਈ ਲਈ ਹੋਰ ਕੰਮ ਕਰਨ ਦੀ ਲੋਡ਼ ਹੈ। ਫਰਾਂਸਿਸ ਸਾਹਮਣੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ 2015 ਦੇ ਸੱਚ ਅਤੇ ਸੁਲ੍ਹਾ ਕਮਿਸ਼ਨ ਨੇ ਪੋਪ ਨੂੰ ਕੈਨੇਡਾ ਦੀ ਧਰਤੀ ’ਤੇ ਆ ਕੇ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਸੀ ਪਰ ਅਜਿਹਾ ਸੰਭਵ ਨਹੀਂ ਹੁੰਦਾ ਜੇਕਰ ਮੂਲ ਨਿਵਾਸੀ, ਇਨੂਇਟ ਅਤੇ ਮੈਟਿਸ ਭਾਈਚਾਰੇ ਦੇ ਲੋਕਾਂ ਨੇ ਵੈਟੀਕਨ ਜਾ ਕੇ ਮੁਆਫ਼ੀ ਮੰਗਣ ਦਾ ਦਬਾਅ ਨਾ ਬਣਾਇਆ ਹੁੰਦਾ।