ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਟੀ-20 ਵਰਲਡ ਕੱਪ ਦੇ ਪਹਿਲੇ ਦੌਰ ਦੇ ਰੋਮਾਂਚਲ ਮੁਕਾਬਲੇ ‘ਚ ਨਾਮੀਬੀਆ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਡੇਵਿਡ ਵੀਜ਼ੇ (55) ਦੇ ਸੰਘਰਸ਼ਪੂਰਨ ਅਰਧ ਸੈਂਕੜੇ ਦੇ ਬਾਵਜੂਦ ਨਾਮੀਬੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂ.ਏ.ਈ. ਨੇ ਗਰੁੱਪ-ਏ ਦੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਵਸੀਮ (50) ਦੇ ਅਰਧ ਸੈਂਕੜੇ ਅਤੇ ਸੀ.ਪੀ. ਰਿਜ਼ਵਾਨ ਦੀਆਂ ਅਜੇਤੂ 43 ਦੌੜਾਂ ਦੀ ਬਦੌਲਤ 20 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 148 ਦੌੜਾਂ ਬਣਾਈਆਂ। ਜਵਾਬ ‘ਚ ਨਾਮੀਬੀਆ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 141 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਨਾਮੀਬੀਆ ਨੇ 69 ਦੌੜਾਂ ‘ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਨੂੰ ਸੱਤ ਓਵਰਾਂ ‘ਚ 80 ਦੌੜਾਂ ਦੀ ਲੋੜ ਸੀ। ਵੀਜ਼ੇ ਨੇ 36 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਅਤੇ ਰੂਬੇਨ ਟਰੰਪਮੈਨ (25) ਨਾਲ ਅੱਠਵੀਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਟੀਮ ਨੂੰ ਟੀਚੇ ਤੱਕ ਨਹੀਂ ਪਹੁੰਚਾ ਸਕੇ। ਨਾਮੀਬੀਆ ਨੂੰ ਆਖਰੀ ਓਵਰ ‘ਚ 14 ਦੌੜਾਂ ਦੀ ਲੋੜ ਸੀ ਪਰ ਓਵਰ ਦੀ ਚੌਥੀ ਗੇਂਦ ‘ਤੇ ਵੀਜ਼ੇ ਆਊਟ ਹੋ ਗਿਆ ਅਤੇ ਉਸ ਦੀ ਟੀਮ ਟੀਚੇ ਤੋਂ ਸੱਤ ਦੌੜਾਂ ਪਿੱਛੇ ਰਹਿ ਗਈ। ਯੂ.ਏ.ਈ. ਨੇ ਟੀ-20 ਵਰਲਡ ਕੱਪ ਦੇ ਇਤਿਹਾਸ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ ਜਦਕਿ ਯੂ.ਏ.ਈ. ਦੀ ਜਿੱਤ ਨਾਲ ਨੀਦਰਲੈਂਡ ਨੇ ਟੀ-20 ਵਰਲਡ ਕੱਪ ਦੇ ਸੁਪਰ-12 ‘ਚ ਪ੍ਰਵੇਸ਼ ਕਰ ਲਿਆ ਹੈ। ਗਰੁੱਪ-ਏ ‘ਚ ਚੋਟੀ ਦੀ ਟੀਮ ਸ੍ਰੀਲੰਕਾ ਪਹਿਲਾਂ ਹੀ ਅਗਲੇ ਦੌਰ ਲਈ ਕੁਆਲੀਫਾਈ ਕਰ ਚੁੱਕੀ ਹੈ ਜਦਕਿ ਇਸ ਸਾਲ ਦੇ ਟੂਰਨਾਮੈਂਟ ‘ਚ ਯੂ.ਏ.ਈ. ਅਤੇ ਨਾਮੀਬੀਆ ਦਾ ਸਫਰ ਖ਼ਤਮ ਹੋ ਗਿਆ ਹੈ।