ਇਕ ਵਾਰ ਫਿਰ ਪੈਰੋਲ ‘ਤੇ ਰੋਹਤਕ ਦੀ ਸਨਾਰੀਆ ਜੇਲ੍ਹ ‘ਚੋਂ ਬਾਹਰ ਆਉਣ ਦੀ ਤਿਆਰੀ ਕਰ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਟਰੱਸਟ ਦੀ ਵਾਈਸ ਪੈਟਰਨ ਤੇ ਚੇਅਰਪਰਸਨ ਬਣਾਇਆ ਹੈ। ਰਾਮ ਰਹੀਮ ਵਲੋਂ ਆਪਣੀ ਟਰੱਸਟ ਦੀ ਡੀਡ ‘ਚ ਬੀਤੀ 22 ਫਰਵਰੀ 2022 ਨੂੰ ਕੁਝ ਬਦਲਾਅ ਕੀਤੇ ਗਏ ਸਨ। ਇਸ ਗੱਲ ਦਾ ਦਾਅਵਾ ਡੇਰਾ ਪ੍ਰੇਮੀਆਂ ਵਲੋਂ ਸੋਸ਼ਲ ਮੀਡੀਆ ‘ਤੇ ਬਣੇ ਫੇਥ ਐਂਡ ਵਰਡਿਕਟ ਪੇਜ ‘ਤੇ ਡੇਰਾ ਦੇ ਟਰੱਸਟ ਸਬੰਧੀ ਵਾਇਰਲ ਹੋਏ ਕਾਗਜ਼ਾਤਾਂ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। ਰਾਮ ਰਹੀਮ ਵੱਲੋਂ ਬਦਲੀ ਗਈ ਟਰੱਸਟ ਦੀ ਨਵੀਂ ਡੀਡ ‘ਚ ਮੌਜੂਦਾ ਚੇਅਰਪਰਸਨ (ਬੋਰਡ ਆਫ ਟਰੱਸਟੀ) ਹਨੀਪ੍ਰੀਤ ਨੂੰ ਟਰੱਸਟ ਦੀ ਵਾਈਸ ਪੈਟਰਨ ਨਿਯੁਕਤ ਕੀਤਾ ਗਿਆ ਹੈ। ਡੇਰਾ ਸੱਚਾ ਸੌਦਾ ਦੇ ਇਸ ਟਰੱਸਟ ਦਾ ਪੈਟਰਨ ਗੁਰਮੀਤ ਰਾਮ ਰਹੀਮ ਖੁਦ ਹਨ। ਪੈਟਰਨ ਵੱਲੋਂ ਜੋ ਹੁਕਮ ਦਿੱਤਾ ਜਾਵੇਗਾ ਵਾਈਸ ਪੈਟਰਨ ਉਸ ਨੂੰ ਫੋਲੋ ਕਰੇਗਾ। ਟਰੱਸਟ ਦੀ 13 ਮੈਂਬਰਾਂ ਦੀ ਲਿਸਟ ‘ਚ ਦਾਨ ਸਿੰਘ ਤੇ ਨਵੀਨ ਕੁਮਾਰ ਦੇ ਨਾਂ ਸ਼ਾਮਲ ਕੀਤੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਟਰੱਸਟ ਮੈਂਬਰਾਂ ਦੀ ਇਸ ਲਿਸਟ ‘ਚ ਡਾ. ਪੀ.ਆਰ. ਨੈਨ ਦਾ ਨਾਂ ਹੀ ਨਹੀਂ ਹੈ, ਜਦਕਿ ਡਾ. ਨੈਨ ਹੁਣ ਤਕ ਤਾਂ ਚੇਅਰਪਰਸਨ ਦੇ ਤੌਰ ‘ਤੇ ਹੀ ਡੇਰੇ ਦਾ ਕੰਮਕਾਜ ਦੇਖ ਰਹੇ ਸੀ। ਕੁਝ ਸਮਾਂ ਪਹਿਲਾਂ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਤੋਂ ਭੇਜੀ ਆਪਣੀ ਨੌਵੀਂ ਚਿੱਠੀ ‘ਚ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਡਾ. ਨੈਨ ਨੂੰ ਹੀ ਡੇਰੇ ਦਾ ਚੇਅਰਪਰਸਨ ਦੱਸਿਆ ਸੀ। ਫੇਥ ਐਂਡ ਵਰਡਿਕਟ ਪੇਜ ‘ਤੇ ਡੇਰੇ ਦੇ ਟਰਸੱਟ ਸਬੰਧੀ ਜਿਹੜੇ ਕਾਗਜ਼ਾਤ ਵਾਇਰਲ ਹੋਏ ਹਨ, ਉਨ੍ਹਾਂ ‘ਤੇ ਡੇਰੇ ਵੱਲੋਂ ਕੋਈ ਸਫਾਈ ਨਹੀਂ ਦਿੱਤੀ ਗਈ ਹੈ। ਡੇਰੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੀ ਜਾਣਕਾਰੀ ‘ਚ ਨਹੀਂ ਹੈ। ਡੇਰੇ ਦੀ ਮੈਨੇਜਮੈਂਟ ਕਮੇਟੀ ਨਾਲ ਗੱਲ ਕਰਨ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰਵਰੀ ‘ਚ ਜਦ ਫਰਲੋ ਮਿਲੀ ਸੀ ਤਾਂ ਡੇਰਾ ਮੁਖੀ ਗੁਰੂਗ੍ਰਾਮ ਸਥਿਤ ਡੇਰੇ ਦੇ ਆਸ਼ਰਮ ‘ਚ ਰੁਕੇ ਸਨ। ਇਸ ਦੌਰਾਨ ਹੀ ਗੁਰਮੀਤ ਰਾਮ ਰਹੀਮ ਨੇ ਆਪਣੀ ਡੀਡ ‘ਚ ਬਦਲਾਅ ਕਰਦੇ ਹੋਏ ਹਨੀਪ੍ਰੀਤ ਨੂੰ ਟਰੱਸਟ ਦੀ ਚੇਅਰਪਰਸਨ ਦੇ ਨਾਲ ਵਾਈਸ ਪੈਟਰਨ ਬਣਾਇਆ ਹੈ। ਹੁਣ ਚਰਚਾ ਇਹ ਚੱਲ ਰਹੀ ਹੈ ਕਿ ਟਰੱਸਟ ਦੀ ਵਾਈਸ ਪੈਟਰਨ ਬਣ ਕੇ ਹਨੀਪ੍ਰੀਤ ਉਪ ਡੇਰਾ ਮੁਖੀ ਬਣ ਗਈ ਹੈ। ਜਲਦ ਹੀ ਹਨੀਪ੍ਰੀਤ ਨੂੰ ਡੇਰੇ ਦੀ ਗੱਦੀ ਦਾ ਉਤਰਾਧਿਕਾਰੀ ਬਣਾ ਦਿੱਤਾ ਜਾਵੇਗਾ। ਡੇਰਾ ਪ੍ਰੇਮੀਆਂ ਦੀ ਇਕ ਧਿਰ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਲਗਾਤਾਰ ਆਪਣਾ ਵਿਰੋਧ ਜਤਾ ਰਹੀ ਹੈ। ਇਸ ਧਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰਾ ਖੇਡ ਡੇਰੇ ਦੀ ਗੱਦੀ ਨੂੰ ਹੜੱਪਣ ਲਈ ਖੇਡਿਆ ਜਾ ਰਿਹਾ ਹੈ।