ਜਬਰ ਜਨਾਹ ਮਾਮਲੇ ’ਚ ਨਾਮਜ਼ਦ ਕੀਤੇ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਾਕੀ ਮੁਲਜ਼ਮਾਂ ਦੀ ਜਾਇਦਾਦ ਨੂੰ ਮਾਮਲੇ ’ਚ ਅਟੈਚ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰਿਆਂ ਦੇ ਬੈਂਕ ਖਾਤਿਆਂ ਨੂੰ ਵੀ ਫਰੀਜ਼ ਕਰਵਾ ਦਿੱਤਾ ਗਿਆ ਹੈ। ਇਹ ਕਾਰਵਾਈ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਪੁਲੀਸ ਹੁਣ ਜਾਇਦਾਦ ਨੂੰ ਸੀਜ਼ ਕਰਨ ਲਈ ਅਦਾਲਤ ’ਚ ਅਰਜ਼ੀ ਦੇ ਸਕਦੀ ਹੈ। ਇਸ ਤੋਂ ਪਹਿਲਾਂ ਚਾਰ ਜੁਲਾਈ ਨੂੰ ਹੀ ਮੁਲਜ਼ਮਾਂ ਦੀ ਚੱਲ-ਅਚੱਲ ਜਾਇਦਾਦ ਨੂੰ ਮਾਮਲੇ ਨਾਲ ਅਟੈਚ ਕਰਨ ਦੇ ਹੁਕਮ ਜਾਰੀ ਹੋਏ ਸਨ। ਪੁਲੀਸ ਨੇ ਪਰਮਜੀਤ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਬਲਜਿੰਦਰ ਕੌਰ ਤੇ ਸੁਖਚੈਨ ਸਿੰਘ ਦੀ ਜਾਇਦਾਦ ਦੀ ਰਿਪੋਰਟ ਵੀ ਅਦਾਲਤ ’ਚ ਜਮ੍ਹਾਂ ਕਰਵਾ ਦਿੱਤੀ ਹੈ ਤੇ ਇਹ ਸਾਰੀ ਜਾਇਦਾਦ ਮਾਮਲੇ ਨਾਲ ਅਟੈਚ ਕਰ ਦਿੱਤੀ ਗਈ ਹੈ। ਇਸ ਲਈ ਸਬੰਧਤ ਤਹਿਸੀਲਦਾਰ ਨੂੰ ਅਦਾਲਤ ਦੇ ਆਰਡਰ ਦੀ ਕਾਪੀ ਦੇ ਕੇ ਹੁਕਮ ਦਿੱਤੇ ਗਏ ਹਨ ਕਿ ਇਸ ਜਾਇਦਾਦ ਨੂੰ ਹੁਣ ਅੱਗੇ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਮਲੇ ’ਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਚੱਲ ਤੇ ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਪ੍ਰੋਸੈੱਸ ਚੱਲ ਰਿਹਾ ਹੈ। ਸਾਰਿਆਂ ਦੀਆਂ ਜਾਇਦਾਦਾਂ ਦੀਆਂ ਲਿਸਟਾਂ ਬਣ ਕੇ ਤਿਆਰ ਹਨ। ਜੁਆਇੰਟ ਕਮਿਸ਼ਨ ਆਫ ਪੁਲੀਸ ਰੂਰਲ ਰਵਚਰਨ ਸਿੰਘ ਬਰਾਡ਼ ਨੇ ਜਾਣਕਾਰੀ ਦਿੱਤੀ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮਾਂ ਦੀ ਜਾਇਦਾਦ ਅਟੈਚ ਕਰਵਾ ਦਿੱਤੀ ਗਈ ਹੈ। ਹਾਲੇ ਅਦਾਲਤ ਨੇ ਇਹ ਜਾਇਦਾਦਾਂ ਸੀਜ਼ ਕਰਨ ਦੇ ਹੁਕਮ ਨਹੀਂ ਦਿੱਤੇ ਹਨ, ਜੇਕਰ ਹੁਕਮ ਆਉਂਦੇ ਹਨ ਤਾਂ ਇਨ੍ਹਾਂ ’ਤੇ ਅਮਲ ਕੀਤਾ ਜਾਵੇਗਾ। ਪੁਲੀਸ ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇਮਾਰੀ ਕਰ ਚੁੱਕੀ ਹੈ ਅਤੇ ਇਹ ਛਾਪੇ ਹਾਲੇ ਵੀ ਜਾਰੀ ਹਨ। ਪੁਲੀਸ ਹੁਣ ਤੱਕ ਉਸ ਦੇ ਭਰਾ ਕਰਮਜੀਤ ਸਿੰਘ ਤੇ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਪੁਲੀਸ ਨੇ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਸੀ। ਦੋ ਵਾਰ ਦੋ-ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਲੈਣ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।