ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਦੇ ਦੌਰੇ ਦੌਰਾਨ ਅੱਜ ਸਵੇਰੇ ਦੇਸ਼ ਦੀ ਪੱਛਮੀ ਬੰਦਰਗਾਹ ‘ਚ ਜ਼ਬਰਦਸਤ ਧਮਾਕਾ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ‘ਚ ਕਿਸ਼ਿਦਾ ਵਾਲ ਵਾਲ ਬੱਚ ਗਏ। ਇਸ ਦੌਰਾਨ ਮਸ਼ਕੂਕ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੂੰ ਵਾਕਾਯਾਮਾ ਪ੍ਰੀਫੈਕਚਰ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ 19-21 ਮਈ ਦੇ ਜੀ-7 ਸੰਮੇਲਨ ਤੋਂ ਪਹਿਲਾਂ ਜਾਪਾਨ ‘ਚ ਇਸ ਹਫਤੇ ਦੇ ਅੰਤ ‘ਚ ਸਮੂਹ ਦੀਆਂ ਮੰਤਰੀ ਪੱਧਰੀ ਮੀਟਿੰਗਾਂ ਸ਼ੁਰੂ ਹੋਣ ਵਾਲੀਆਂ ਹਨ। ਘਟਨਾ ਤੋਂ ਨੌਂ ਮਹੀਨੇ ਪਹਿਲਾਂ ਪੱਛਮੀ ਸ਼ਹਿਰ ਨਾਰਾ ‘ਚ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰ ਦਿੱਤੀ ਗਈ ਸੀ।