ਪਟਿਆਲਾ ਦੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖਾਲਿਸਤਾਨ ਪੱਖੀ ਪੋਸਟਰ ਲਾਉਣ ਦੇ ਦੋਸ਼ ਹੇਠ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ‘ਸਿੱਖਸ ਫਾਰ ਜਸਟਿਸ’ ਨਾਲ ਸਬੰਧਤ ਹਨ। ਉਨ੍ਹਾਂ ਨੂੰ ਪੋਸਟਰ ਲਾਉਣ ਵਿਦੇਸ਼ ਤੋਂ ਪੈਸੇ ਮਿਲੇ ਸਨ। ਆਈ.ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਪ੍ਰਿੰਸ ਅਤੇ ਪ੍ਰੇਮ ਸਿੰਘ ਪ੍ਰੇਮ ਉਰਫ ਏਕਮ ਵਾਸੀਆਨ ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਖਾਲਿਸਤਾਨ ਰਾਇਸ਼ੁਮਾਰੀ ਨਾਲ ਸਬੰਧਤ 13 ਪੋਸਟਰ, ਪੋਸਟਰ ਲਾਉਣ ਮੌਕੇ ਵਰਤੇ ਗਏ ਦੋ ਮੋਬਾਈਲ ਫੋਨ ਅਤੇ ਸਾਈਕਲ ਵੀ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਾਂਚ ਦੀ ਨਿਗਰਾਨੀ ਡੀ.ਜੀ.ਪੀ. ਵੱਲੋਂ ਕੀਤੀ ਜਾ ਰਹੀ ਸੀ। ਆਈ.ਜੀ. ਛੀਨਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਪੋਸਟਰ ਵਿਦੇਸ਼ੀ ਤੋਂ ਪੈਸੇ ਲੈ ਕੇ ਅਤੇ ਵਿਦੇਸ਼ ’ਚ ਵਸਣ ਦੀ ਪੇਸ਼ਕਸ਼ ਲਈ ਲਾਏ ਸਨ। ਪ੍ਰਿੰਸ ਦੋ ਸਾਲ ਮਲੇਸ਼ੀਆ ’ਚ ਰਹਿ ਚੁੱਕਾ ਹੈ ਤੇ ਉਥੇ ਕੁੱਝ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ’ਚ ਆ ਗਿਆ ਸੀ। ਮਲੇਸ਼ੀਆ ਤੋਂ ਵਾਪਸ ਆਉਣ ਮਗਰੋਂ ਵੀ ਉਹ ਵ੍ਹਟਸਐਪ ਰਾਹੀਂ ਉਨ੍ਹਾਂ ਦੇ ਸੰਪਰਕ ’ਚ ਸੀ। ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਪੋਸਟਰ ਚਿਪਕਾਉਣ ਮਗਰੋਂ ਵਿਦੇਸ਼ੀ ਹੈਂਡਲਰ ਨੇ ਉਸ ਨੂੰ ਪੈਸੇ ਟਰਾਂਸਫਰ ਕਰ ਦਿੱਤੇ ਸਨ। ਐੱਸ.ਐੱਸ.ਪੀ. ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਅੰਬਾਲਾ, ਰਾਜਪੁਰਾ, ਪਟਿਆਲਾ ਅਤੇ ਬਹਾਦਰਗਡ਼੍ਹ ਆਦਿ ਥਾਵਾਂ ’ਤੇ ਵੀ ਇਸ ਤਰ੍ਹਾਂ ਦੇ ਪੋਸਟਰ ਲਾਏ ਸਨ।