ਮੋਰੱਕੋ ਨੇ ਪਹਿਲੇ ਹਾਫ ‘ਚ ਦਾਗੇ 2 ਗੋਲ ਦੀ ਬਦੌਲਤ ਕੈਨੇਡਾ ਨੂੰ ਫੀਫਾ ਵਰਲਡ ਕੱਪ ਦੇ ਗਰੁੱਪ-ਐੱਫ ਦੇ ਮੁਕਾਬਲੇ ‘ਚ 2-1 ਨਾਲ ਹਰਾ ਕੇ ਨਾਕਆਊਟ ‘ਚ ਜਗ੍ਹਾ ਬਣਾਈ, ਜਦੋਂਕਿ ਪਿਛਲੇ ਵਰਲਡ ਕੱਪ ‘ਚ ਚੋਟੀ ਦੇ-3 ‘ਚ ਸ਼ਾਮਲ 2 ਟੀਮਾਂ ਵਿਚਕਾਰ ਹੋਇਆ ਮੁਕਾਬਲਾ ਗੋਲ ਰਹਿਤ ਡਰਾਅ ਰਿਹਾ, ਜਿਸ ਨਾਲ ਕ੍ਰੋਏਸ਼ੀਆ ਆਖਰੀ-16 ‘ਚ ਪਹੁੰਚਿਆ, ਜਦੋਂਕਿ ਬੈਲਜੀਅਮ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ। ਅਹਿਮਦ ਬਿਨ ਅਲੀ ਸਟੇਡੀਅਮ ‘ਚ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੇ ਹੈਰਾਨੀ ਭਰਿਆ ਫੈਸਲਾ ਕਰਦੇ ਹੋਏ ਸ਼ੁਰੂਆਤੀ ਇਲੈਵਨ ‘ਚ ਰੋਮੇਲੂ ਲੁਕਾਕੂ ਅਤੇ ਏਡੇਨ ਹੇਜਾਰਡ ਵਰਗੇ ਅਨੁਭਵੀ ਖਿਡਾਰੀਆਂ ਨੂੰ ਮੌਕਾ ਨਹੀਂ ਦਿੱਤਾ। ਟੀਮ ਨੂੰ 21 ਸਾਲਾ ਮਿਡਫੀਲਡਰ ਅਮਾਦੂ ਓਨਾਨਾ ਦੀ ਵੀ ਕਮੀ ਰੜਕੀ। ਦੋ ਪੀਲੇ ਕਾਰਡ ਮਿਲਣ ਕਾਰਨ ਓਨਾਨਾ ਮੁਅੱਤਲ ਸੀ। ਬੈਲਜੀਅਮ ਕੋਲ ਹਾਲਾਂਕਿ ਨਿਯਮਿਤ ਸਮੇਂ ਦੇ ਆਖਰੀ 3 ਮਿੰਟਾਂ ‘ਚ 2 ਵਾਰ ਗੋਲ ਦਾਗਨ ਦਾ ਸੁਨਹਿਰੀ ਮੌਕਾ ਸੀ ਪਰ ਦੋਵੇਂ ਵਾਰ ਲੁਕਾਕੂ ਖੁੰਝ ਗਏ। ਦੋਹਾ ਦੇ ਅਲ ਥੁਮਾਮਾ ਸਟੇਡੀਅਮ ‘ਚ ਦੁਨੀਆ ਦੀ 22ਵੇਂ ਨੰਬਰ ਦੀ ਟੀਮ ਮੋਰੱਕੋ ਨੇ ਹਾਕਿਮ ਜਿਯੇਚ ਅਤੇ ਯੂਸੁਫ ਐਨ ਨੇਸਰੀ ਦੇ ਪਹਿਲੇ ਹਾਫ ‘ਚ ਦਾਗੇ ਗੋਲ ਨਾਲ 1986 ਤੋਂ ਬਾਅਦ ਪਹਿਲੀ ਵਾਰ ਨਾਕਆਊਟ ਪੜਾਅ ‘ਚ ਪ੍ਰਵੇਸ਼ ਕੀਤਾ। ਕੈਨੇਡਾ ਦਾ ਗੋਲ ਨੋਏਫ ਐਗਵੇਰਡ (40ਵੇਂ ਮਿੰਟ) ਵੱਲੋਂ ਆਇਆ ਜਿਸ ਨੇ ਗੋਲ ਦਾਗਿਆ। ਮੋਰੱਕੋ ਅਤੇ ਕੈਨੇਡਾ ਦੀ ਟੀਮ ਇਸ ਤੋਂ ਪਹਿਲਾਂ ਸਿਰਫ ਇਕ ਵਾਰ ਇਕ-ਦੂਜੇ ਦੇ ਆਹਮੋ-ਸਾਹਮਣੇ ਸਨ। ਮੋਰੱਕੋ ਨੇ 2016 ‘ਚ ਫਰੈਂਡਲੀ ਮੈਚ ‘ਚ 4-0 ਨਾਲ ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੀ ਬਦੌਲਤ ਮੋਰੱਕੋ ਦੀ ਟੀਮ 3 ਮੈਚਾਂ ‘ਚ 2 ਜਿੱਤ ਅਤੇ ਇਕ ਡਰਾਅ ਨਾਲ 7 ਅੰਕਾਂ ਜੁਟਾ ਕੇ ਚੋਟੀ ‘ਤੇ ਰਹੀ। 4 ਸਾਲ ਪਹਿਲਾਂ ਫਾਈਨਲ ‘ਚ ਪਹੁੰਚਣ ਵਾਲੇ ਕ੍ਰੋਏਸ਼ੀਆ ਇਕ ਜਿੱਤ ਅਤੇ 2 ਡਰਾਅ ਨਾਲ 5 ਅੰਕ ਜੁਟਾ ਕੇ ਗਰੁੱਪ-ਐੱਫ ਨਾਲ ਅੰਤਿਮ 16 ‘ਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣਿਆ। ਰੂਸ ‘ਚ 2018 ‘ਚ ਹੋਏ ਪਿਛਲੇ ਵਰਲਡ ਕੱਪ ‘ਚ ਤੀਜੇ ਸਥਾਨ ‘ਤੇ ਰਿਹਾ ਬੈਲਜੀਅਮ ਇਕ ਜਿੱਤ, ਇਕ ਡਰਾਅ ਅਤੇ ਇਕ ਹਾਰ ਨਾਲ 4 ਅੰਕ ਜੁਟਾ ਕੇ ਤੀਜੇ ਸਥਾਨ ‘ਤੇ ਰਿਹਾ। ਅੰਤਿਮ ਮੈਚ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਾ ਕੈਨੇਡਾ ਕੋਈ ਵੀ ਅੰਕ ਨਹੀਂ ਜੁਟਾ ਸਕਿਆ ਅਤੇ ਆਖਰੀ ਸਥਾਨ ‘ਤੇ ਰਿਹਾ। ਮੋਰੱਕੋ ਦਾ ਸਾਹਮਣਾ ਹੁਣ 5 ਦਸੰਬਰ ਨੂੰ ਹੋਣ ਵਾਲੇ ਪ੍ਰੀ-ਕੁਆਰਟਰ ਫਾਈਨਲ ‘ਚ ਗਰੁੱਪ-ਈ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ, ਜਦੋਂਕਿ ਇਸੇ ਦਿਨ ਕ੍ਰੋਏਸ਼ੀਆ ਦੀ ਟੀਮ ਗਰੁੱਪ-ਈ ‘ਚ ਚੋਟੀ ‘ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ।