ਮਿਸੀਸਾਗਾ ਵਿਚਲੇ ਕੈਨੇਡੀਅਨ ਟਾਇਰ ਨਾਮਕ ਸਟੋਰ ਅੰਦਰ ਬੀਤੇ ਸੋਮਵਾਰ ਨੂੰ ਚਾਕੂ ਮਾਰ ਕੇ ਇਕ ਔਰਤ ਦੇ ਕਤਲ ਹੋਇਆ ਸੀ ਅਤੇ ਪੁਲੀਸ ਜਾਂਚ ‘ਚ ਇਹ ਮਾਮਲਾ ਪੰਜਾਬ ਤੇ ਪੰਜਾਬੀਆਂ ਨਾਲ ਜੁੜਿਆ ਨਿਕਲਿਆ ਹੈ। ਪੀਲ ਪੁਲੀਸ ਨੇ ਔਰਤ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ‘ਚ ਪੰਜਾਬ ਦੇ ਗੁਰੂਸਰ ਸੁਧਾਰ ਨਾਲ ਸਬੰਧਤ 26 ਸਾਲਾ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਪਹਿਲੀ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਸ਼ਾਮ 6 ਵਜੇ ਵਾਪਰੀ ਦਰਦਨਾਕ ਘਟਨਾ ਸਮੇਂ ਸਟੋਰ ਅੰਦਰ ਹਫੜਾ-ਦਫੜਾ ਮਚ ਗਈ ਸੀ। ਪੀਲ ਰੀਜਨਲ ਪੁਲੀਸ ਨੂੰ ਦੱਸਿਆ ਕਿ ਘਟਨਾ ਮਗਰੋਂ ਅਧਿਕਾਰੀਆਂ ਨੂੰ ਮੇਵਿਸ ਅਤੇ ਬ੍ਰਿਟਾਨੀਆ ਦੇ ਇਲਾਕੇ ‘ਚ ਬੁਲਾਇਆ ਗਿਆ ਸੀ। ਇਸ ਹਮਲੇ ‘ਚ ਜ਼ਖਮੀ ਔਰਤ ਦੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਅਜੇ ਉਸ ਔਰਤ ਦਾ ਨਾਮ ਜਾਰੀ ਨਹੀਂ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸ਼ੱਕੀ ਪੁਰਸ਼ ਮਾਮੂਲੀ ਸੱਟਾਂ ਨਾਲ ਪੀੜਤ ਸੀ। ਪੁਲੀਸ ਉਸ ਨੂੰ ਹਿਰਾਸਤ ‘ਚ ਲੈ ਕੇ ਇਲਾਜ ਲਈ ਸਥਾਨਕ ਟ੍ਰਾਮਾ ਸੈਂਟਰ ਲੈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਿਸੀਸਾਗਾ ਵਾਸੀ ਚਰਨਜੀਤ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਬਰੈਂਪਟਨ ਵਿਖੇ ਅਦਾਲਤ ‘ਚ ਪੇਸ਼ ਕੀਤਾ ਗਿਆ। ਘਟਨਾ ਤੋਂ ਬਾਅਦ ਪੁਲੀਸ ਦੀ ਜਾਂਚ ਲਈ ਸਟੋਰ ਨੂੰ ਬੰਦ ਕੀਤਾ ਗਿਆ ਹੈ। ਉਧਰ ਸਟੋਰ ‘ਚ ਮੌਕੇ ‘ਤੇ ਹਾਜ਼ਰ ਦਰਜਨ ਤੋਂ ਵੱਧ ਕਾਮੇ ਦਹਿਸ਼ਤ ‘ਚ ਹਨ ਜਿਸ ਕਰ ਕੇ ਓਂਟਾਰੀਓ ਦੇ ਕਿਰਤ ਮੰਤਰਾਲੇ ਨੂੰ ਵੀ ਘਟਨਾ ਦੀ ਜਾਂਚ ‘ਚ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬਰੈਂਪਟਨ ਵਾਸੀ ਚਰਨਜੀਤ ਸਿੰਘ ਨੇ ਆਪਣੀ ਪਤਨੀ ਜੋ ਮੂਲ ਰੂਪ ‘ਚ ਪੰਜਾਬ ਦੇ ਭਗਤਾ ਭਾਈਕਾ ਦੀ ਰਹਿਣ ਵਾਲੀ ਸੀ, ਦਾ ਕਤਲ ਕੀਤਾ ਹੈ ਅਤੇ ਉਨ੍ਹਾਂ ਵਿਚਾਲੇ ਕੈਨੇਡਾ ‘ਚ ਪੱਕੇ ਹੋਣ-ਕਰਾਉਣ ਦਾ ਮਾਮਲਾ ਅਤੇ ਘਰੇਲੂ ਝਗੜਾ ਕੁਝ ਦੇਰ ਤੋਂ ਚੱਲ ਰਿਹਾ ਸੀ ਜਿਸ ਕਰਕੇ ਉਹ ਵੱਖ ਰਹਿ ਰਹੇ ਸਨ।