ਓਰੇਗਨ ‘ਚ ਇਕ ਹੋਰ ਹਾਦਸਾ ਵਾਪਰਨ ਕਰਕੇ 7 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ। ਇਹ ਹਾਦਸਾ ਟਰੱਕ ਅਤੇ ਯਾਤਰੀ ਵੈਨ ਵਿਚਕਾਰ ਹੋਇਆ। ਜਾਣਕਾਰੀ ਮੁਤਾਬਕ ਅਮਰੀਕਾ ਦੇ ਓਰੇਗਨ ਸੂਬੇ ‘ਚ ਟਰੱਕ ਨੇ ਯਾਤਰੀ ਵੈਨ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਕੈਲੀਫੋਰਨੀਆ ਦਾ 52 ਸਾਲਾ ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿਥ ਟਰੱਕ ਚਲਾ ਰਿਹਾ ਸੀ, ਜਦੋਂ ਉਸਨੇ ਅਲਬਾਨੀ ਤੋਂ ਲਗਭਗ 16 ਕਿਲੋਮੀਟਰ ਉੱਤਰ ਵਿੱਚ ਇੰਟਰਸਟੇਟ-5 ਹਾਈਵੇ ‘ਤੇ 11 ਲੋਕਾਂ ਨੂੰ ਲਿਜਾ ਰਹੀ ਇਕ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਵੈਨ ‘ਚ ਸਵਾਰ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਵੈਨ ‘ਚ ਸਵਾਰ 4 ਹੋਰ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ‘ਚ ਟਰੱਕ ਡਰਾਈਵਰ ਸਮਿਥ ਨੂੰ ਕੋਈ ਸੱਟ ਨਹੀਂ ਲੱਗੀ। ਗ੍ਰਿਫ਼ਤਾਰ ਟਰੱਕ ਡਰਾਈਵਰ ਨੂੰ ਮੈਰੀਅਨ ਕਾਉਂਟੀ ਜੇਲ੍ਹ ‘ਚ ਭੇਜਿਆ ਗਿਆ ਹੈ। ਉਸ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਤਲ ਦੇ 7 ਮਾਮਲਿਆਂ ਤੋਂ ਇਲਾਵਾ ਲਾਪਰਵਾਹੀ ਨਾਲ ਡਰਾਈਵਿੰਗ ਅਤੇ ਥਰਡ-ਡਿਗਰੀ ਹਮਲੇ ਦਾ ਵੀ ਦੋਸ਼ ਲਗਾਇਆ ਗਿਆ ਹੈ।