ਸਪੈਸ਼ਟ ਟਾਸਕ ਫੋਰਸ (ਐੱਸ.ਟੀ.ਐੱਫ.) ਦੀ ਟੀਮ ਨੇ ਲੁਧਿਆਣਾ ਪੁਲੀਸ ਦੇ ਥਾਣਾ ਡਿਵੀਜ਼ਨ ਨੰਬਰ 5 ‘ਚ ਤਾਇਨਾਤ ਐਡੀਸ਼ਨਲ ਐੱਸ.ਐੱਚ.ਓ. ਸਬ-ਇੰਸਪੈਕਟਰ ਹਰਜਿੰਦਰ ਕੁਮਾਰ ਸਣੇ ਤਿੰਨ ਜਣਿਆਂ ਨੂੰ 834 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਕੌਰ (35) ਤੇ ਰੋਹਿਤ ਕੁਮਾਰ (20) ਵਜੋਂ ਹੋਈ ਹੈ। ਟੀਮ ਨੇ ਹਰਜਿੰਦਰ ਦੇ ਕਬਜ਼ੇ ‘ਚੋਂ 16 ਗ੍ਰਾਮ ਅੇਤ ਹਰਜਿੰਦਰ ਕੌਰ ਤੇ ਰੋਹਿਤ ਕੁਮਾਰ ਦੇ ਕਬਜ਼ੇ ‘ਚੋਂ 830 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦਾ ਦੋ ਦਿਨਾਂ ਰਿਮਾਂਡ ਹਾਸਲ ਕਰਕੇ ਪੁੱਛ-ਪੜਤਾਲ ਆਰੰਭ ਦਿੱਤੀ ਹੈ। ਐੱਸ.ਟੀ.ਐੱਫ. ਦੇ ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਹਰਜਿੰਦਰ ਕੁਮਾਰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਰਦੀ ਪਾ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹਰਜਿੰਦਰ ਕੁਮਾਰ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਹੀ ਉਹ ਤਸਕਰੀ ਕਰਦਾ ਹੈ। ਹਰਜਿੰਦਰ ਕੌਰ ਤੇ ਰੋਹਿਤ ਕੁਮਾਰ ਦੋਵੇਂ ਰਿਸ਼ਤੇਦਾਰ ਹਨ ਤੇ ਫਿਲੌਰ ਦੇ ਪਿਡ ਸੋਲਕੀਆਣਾ ਦੇ ਵਸਨੀਕ ਹਨ। ਹਰਜਿੰਦਰ ਕੌਰ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋਸ਼ ਹੇਠ ਕਈ ਕੇਸ ਦਰਜ ਹਨ। ਫਿਲੌਰ ਇਲਾਕੇ ‘ਚ ਤਾਇਨਾਤੀ ਦੌਰਾਨ ਹੀ ਹਰਜਿੰਦਰ ਸਿੰਘ ਉਕਤ ਔਰਤ ਦੇ ਸੰਪਰਕ ‘ਚ ਆਇਆ ਸੀ।