ਤਿੰਨ ਤੋਂ ਬਾਰਾਂ ਅਗਸਤ ਤੱਕ ਚੇਨਈ ‘ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦੀ ਪਹਿਲੀ ਵਾਰ ਇੰਡੀਆ ਮੇਜ਼ਬਾਨੀ ਕਰੇਗਾ। ਤਿੰਨ ਵਾਰ ਦੇ ਚੈਂਪੀਅਨ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਖੇਡੇ ਜਾਣ ਵਾਲੇ ਟੂਰਨਾਮੈਂਟ ‘ਚ ਹਿੱਸਾ ਲੈਣ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ। ਤਾਮਿਲਨਾਡੂ ਦੇ ਖੇਡ ਮੰਤਰੀ ਉਦੈਨਿਧੀ ਸਟਾਲਿਨ ਨੇ ਕਿਹਾ ਕਿ ਦੱਖਣੀ ਮਹਾਨਗਰ ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਇਸ ਖੇਤਰ ‘ਚ ਖੇਡ ਨੂੰ ਮੁੜ ਸੁਰਜੀਤ ਕਰਨ ‘ਚ ਮਦਦ ਕਰੇਗੀ। ਉਨ੍ਹਾਂ ਕਿਹਾ, ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੀ ਮੇਜ਼ਬਾਨੀ ਕਰਨਾ ਬਹੁਤ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਇਹ ਸ਼ਹਿਰ ਕਿਸੇ ਸਮੇਂ ਦੱਖਣੀ ਭਾਰਤ ਦੀ ਹਾਕੀ ਦੀ ਰਾਜਧਾਨੀ ਸੀ ਅਤੇ ਇਥੇ ਕਈ ਵੱਕਾਰੀ ਘਰੇਲੂ ਅਤੇ ਕੌਮਾਂਤਰੀ ਟੂਰਨਾਮੈਂਟ ਕਰਵਾਏ ਜਾਂਦੇ ਸਨ।’ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ‘ਚ ਇੰਡੀਆ ਤੋਂ ਇਲਾਵਾ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ, ਮਲੇਸ਼ੀਆ ਅਤੇ ਜਾਪਾਨ ਹਿੱਸਾ ਲੈ ਰਹੇ ਹਨ। ਪਾਕਿਸਤਾਨ ਅਤੇ ਚੀਨ 25 ਅਪ੍ਰੈਲ ਤੱਕ ਟੂਰਨਾਮੈਂਟ ‘ਚ ਹਿੱਸਾ ਲੈਣ ਦੀ ਪੁਸ਼ਟੀ ਕਰਨਗੇ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਟੂਰਨਾਮੈਂਟ ‘ਚ ਹਿੱਸਾ ਲੈਂਦਾ ਹੈ ਤਾਂ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ ਕਿ ਅਧਿਕਾਰੀ ਪਹਿਲਾਂ ਹੀ ਚੇਨਈ ਦਾ ਦੌਰਾ ਕਰ ਚੁੱਕੇ ਹਨ।