ਵਰਲਡ ਦੇ ਦੂਜੇ ਨੰਬਰ ਦੇ ਟੈਨਿਸ ਸਿੰਗਲਜ਼ ਖਿਡਾਰੀ ਕੈਸਪਰ ਰੂਡ ਤੇ ਵਿਕਟਰ ਡੂਰਾਸੋਵਿਚ ਦੀ ਜੋੜੀ ਨੇ ਡਬਲਜ਼ ਮੈਚ ‘ਚ ਇੰਡੀਆ ਦੇ ਯੂਕੀ ਭਾਂਬਰੀ ਤੇ ਸਾਕੇਤ ਮਾਇਨੇਨੀ ਦੀ ਜੋੜੀ ਨੂੰ 6-3, 6-3, 6-3 ਨਾਲ ਹਰਾ ਕੇ ਡੇਵਿਸ ਕੱਪ ਵਿਸ਼ਵ ਗਰੁੱਪ-1 ਦੇ ਇਸ ਮੁਕਾਬਲੇ ਨੂੰ 3-0 ਨਾਲ ਜਿੱਤ ਲਿਆ। ਮੁਕਾਬਲੇ ਦੇ ਸ਼ੁਰੂਆਤੀ ਦਿਨ ਦੋਵੇਂ ਸਿੰਗਲਜ਼ ਮੈਚਾਂ ‘ਚ ਹਾਰ ਦੇ ਨਾਲ ਇੰਡੀਆ 0-2 ਨਾਲ ਪਿੱਛੇ ਸੀ। ਇਸ ਤੋਂ ਬਾਅਦ ਟੀਮ ਨੂੰ ਯੂਕੀ ਤੇ ਸਾਕੇਤ ਦੀ ਜੋੜੀ ਤੋਂ ਵਾਪਸੀ ਦੀ ਉਮੀਦ ਸੀ ਪਰ ਭਾਰਤੀ ਜੋੜੀ ਨੇ ਇਕ ਘੰਟਾ 50 ਮਿੰਟ ਤਕ ਚੱਲੇ ਮੁਕਾਬਲੇ ਨੂੰ ਗੁਆ ਦਿੱਤਾ। ਇਸ ਤੋਂ ਪਹਿਲਾਂ ਪ੍ਰਜਨੇਸ਼ ਗੁਣੇਸ਼ਵਰਨ ਤੇ ਰਾਮਕੁਮਾਰ ਰਾਮਨਾਥਨ ਨੇ ਆਪਣੇ-ਆਪਣੇ ਮੈਚ 1-6, 4-6 ਦੇ ਬਰਾਬਰ ਫਰਕ ਨਾਲ ਗੁਆਏ। ਨਾਰਵੇ ਦੇ 3-0 ਨਾਲ ਬੜ੍ਹਤ ਲੈਣ ਤੋਂ ਬਾਅਦ ਉਲਟ ਸਿੰਗਲਜ਼ ਮੁਕਾਬਲੇ ਨਹੀਂ ਖੇਡੇ ਜਾਣਗੇ। ਗੁਣੇਸ਼ਵਰਨ ਅਮਰੀਕੀ ਓਪਨ ਦੇ ਉਪ ਜੇਤੂ ਰੂਡ ਤੋਂ ਹਾਰ ਗਿਆ ਸੀ। ਇਹ ਨਤੀਜਾ ਉਮੀਦਾਂ ਅਨੁਸਾਰ ਸੀ ਤੇ ਅਜਿਹੇ ‘ਚ ਇੰਡੀਆ ਦੀਆਂ ਉਮੀਦਾਂ ਰਾਮਨਾਥਨ ‘ਤੇ ਟਿਕੀਆਂ ਸਨ। ਰਾਮਨਾਥਨ ਨੂੰ ਦੂਜੇ ਸਿੰਗਲਜ਼ ਮੈਚ ‘ਚ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਡੂਰਾਸੋਵਿਚ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।