ਅਰਜੁਨ ਪੁਰਸਕਾਰ ਨਾਲ ਸਨਮਾਨਿਤ ਇੰਡੀਆ ਦੀ ਸੀਨੀਅਰ ਕੁਆਰਟਰ ਮਿਲਰ ਅਤੇ ਏਸ਼ੀਅਨ ਗੇਮਜ਼ ਦੀ ਤਗ਼ਮਾ ਜੇਤੂ ਐੱਮ.ਆਰ. ਪੂਵੰਮਾ ‘ਤੇ ਪਿਛਲੇ ਸਾਲ ਡੋਪਿੰਗ ਟੈਸਟ ‘ਚ ਅਸਫ਼ਲ ਰਹਿਣ ਤੋਂ ਬਾਅਦ ਦੋ ਸਾਲ ਦੀ ਪਾਬੰਦੀ ਲਗਾਈ ਗਈ ਹੈ। ਐੱਨ.ਏ.ਡੀ.ਏ. ਦੇ ਡੋਪਿੰਗ ਰੋਕੂ ਅਪੀਲ ਪੈਨਲ (ਏ.ਡੀ.ਏ.ਪੀ.) ਨੇ ਅਨੁਸ਼ਾਸਨੀ ਪੈਨਲ ਦੀ ਤਿੰਨ ਮਹੀਨਿਆਂ ਦੀ ਮੁਅੱਤਲੀ ਨੂੰ ਪਲਟ ਦਿੱਤਾ ਹੈ। 32 ਸਾਲਾ ਪੂਵੰਮਾ ਦਾ ਡੋਪ ਸੈਂਪਲ ਪਿਛਲੇ ਸਾਲ 18 ਫਰਵਰੀ ਨੂੰ ਪਟਿਆਲਾ ‘ਚ ਇੰਡੀਅਨ ਗ੍ਰਾਂ ਪ੍ਰੀ ਇਕ ਦੌਰਾਨ ਲਿਆ ਗਿਆ ਸੀ, ਜਿਸ ‘ਚ ਉਹ ਪਾਬੰਦੀਸ਼ੁਦਾ ਪਦਾਰਥ ਮਿਥਾਈਲਹੈਕਸਾਨਾਮਾਈਨ ਲਈ ਪਾਜ਼ੇਟਿਵ ਪਾਈ ਗਈ ਸੀ। ਇਹ ਵਰਲਡ ਐਂਟੀ ਡੋਪਿੰਗ ਏਜੰਸੀ ਕੋਡ ਦੇ ਤਹਿਤ ਪਾਬੰਦੀਸ਼ੁਦਾ ਪਦਾਰਥ ਹੈ। ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਜੂਨ ‘ਚ ਉਨ੍ਹਾਂ ਨੂੰ ਸਿਰਫ਼ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਸੀ ਪਰ ਐੱਨ.ਏ.ਡੀ.ਏ. ਦੇ ਅਨੁਸ਼ਾਸਨੀ ਪੈਨਲ ਦੇ ਫ਼ੈਸਲੇ ਦੇ ਖ਼ਿਲਾਫ਼ ਇਕ ਅਪੀਲ ‘ਚ ਏ.ਡੀ.ਏ.ਪੀ. ਨੇ ਪੂਵੰਮਾ ‘ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ। ਪੂਵੰਮਾ 2018 ਏਸ਼ੀਅਨ ਖੇਡਾਂ ‘ਚ ਸੋਨ ਤਗ਼ਮਾ ਜਿੱਤਣ ਵਾਲੀ 4 ਗੁਣਾਂ 400 ਮਹਿਲਾ ਅਤੇ ਮਿਕਸਡ ਰਿਲੇਅ ਟੀਮਾਂ ਦੀ ਮੈਂਬਰ ਸੀ। ਉਹ 2014 ਏਸ਼ੀਅਨ ਖੇਡਾਂ ‘ਚ ਸੋਨ ਤਗ਼ਮਾ ਜਿੱਤਣ ਵਾਲੀ 4 ਗੁਣਾ 400 ਰਿਲੇਅ ਟੀਮ ਦਾ ਵੀ ਹਿੱਸਾ ਸੀ। ਉਨ੍ਹਾਂ ਨੇ 2012 ਦੀਆਂ ਏਸ਼ੀਅਨ ਖੇਡਾਂ ‘ਚ ਵਿਅਕਤੀਗਤ 400 ਮੀਟਰ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।