ਕੈਨੇਡਾ ਦੀ ਆਰਥਿਕਤਾ ਲਈ ਸਭ ਤੋਂ ਮਾੜਾ ਸਾਲ ਰਿਹਾ 2020

Category : Canada | canada Posted on 2021-03-06 05:01:28


ਕੈਨੇਡਾ ਦੀ ਆਰਥਿਕਤਾ ਲਈ ਸਭ ਤੋਂ ਮਾੜਾ ਸਾਲ ਰਿਹਾ 2020

ਕੈਨੇਡਾ ਦੀ ਆਰਥਿਕਤਾ ਲਈ 1961 ਤੋਂ ਬਾਅਦ 2020 ਸਭ ਤੋਂ ਮਾੜਾ ਸਾਲ ਰਿਹਾ, ਜਿਸ ਵਿੱਚ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ 5.4 ਫੀਸਦੀ ਸੁੰਗੜ ਗਈ। ਇਹ ਸਭ ਕੁਝ ਕੋਰੋਨਾ ਮਹਾਂਮਾਰੀ ਕਰਕੇ ਲੌਕਡਾਊਨ ਹੋਣ ਦੇ ਚਲਦਿਆਂ ਕਾਰੋਬਾਰ ਬੰਦ ਰਹਿਣ ਕਾਰਨ ਵਾਪਰਿਆ।  ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਦੇਸ਼ ਦੇ ਅਰਥਚਾਰੇ ’ਤੇ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦਾ ਉਸ ਵੇਲੇ ਬਹੁਤ ਮਾੜਾ ਅਸਰ ਪਿਆ, ਜਦੋਂ 2020 ਦੇ ਮਾਰਚ ਤੇ ਅਪ੍ਰੈਲ ਮਹੀਨੇ ਵਿੱਚ ਲੌਕਡਾਊਨ ਹੋਣ ਦੇ ਚਲਦਿਆਂ ਸਾਰੇ ਕਾਰੋਬਾਰ ਬੰਦ ਹੋ ਗਏ ਅਤੇ ਸੈਂਕੜੇ ਲੋਕ ਦੀਆਂ ਨੌਕਰੀਆਂ ਖੁਸ ਗਈਆਂ।  

ਕੈਨੇਡਾ ਦੀ ਕੁੱਲ ਘਰੇਲੂ ਪੈਦਾਵਾਰ, ਜਿਸ ’ਚ ਪੈਦਾ ਕੀਤੇ ਸਾਰੇ ਉਤਪਾਦ ਤੇ ਸੇਵਾਵਾਂ ਦੀ ਕੁੱਲ ਕੀਮਤ ਸ਼ਾਮਲ ਹੈ, ਇਸ ’ਚ 2020 ਦੀ ਆਖਰੀ ਤਿਮਾਹੀ ਵਿੱਚ 2.3 ਫੀਸਦੀ ਵਾਧਾ ਹੋਇਆ, ਪਰ ਇਹ ਕਿਤੇ ਵੀ ਕੋਵਿਡ-19 ਦੀ ਪਹਿਲੀ ਲਹਿਰ ’ਚ ਆਈ ਆਰਥਿਕ ਗਿਰਾਵਟ ਨੂੰ ਪੂਰਨ ਲਈ ਕਾਫ਼ੀ ਨਹੀਂ ਸੀ। ਪਿਛਲੇ ਸਾਲ ਗਰਮੀਆਂ ਦੇ ਸ਼ੁਰੂ ਵਿੱਚ ਕੈਨੇਡੀਅਨ ਆਰਥਿਕਤਾ ’ਚ ਹੌਲੀ-ਹੌਲੀ ਸੁਧਾਰ ਹੋਣ ਲੱਗਾ ਸੀ। ਪਿਛਲੇ ਸਾਲ ਚੌਥੀ ਤਿਮਾਹੀ ਵਿੱਚ ਅਰਥਵਿਵਸਥਾ 9.6 ਫੀਸਦੀ ਦੀ ਸਾਲਾਨਾ ਵਾਧਾ ਦਰ ਨਾਲ ਵਧੀ, ਜੋ ਤੀਜੀ ਤਿਮਾਹੀ ਵਿੱਚ 40.6 ਫੀਸਦੀ ਦੀ ਸਾਲਾਨਾ ਵਿਕਾਸ ਦਰ ਨਾਲੋਂ ਘੱਟ ਸੀ।  

ਹਾਲਾਂਕਿ ਸਮੁੱਚੀ ਤਿਮਾਹੀਆਂ ਦੇ ਸੰਭਾਵਿਤ ਨਤੀਜਿਆਂ ਨਾਲੋਂ ਇਹ ਠੀਕ ਸੀ, ਪਰ ਸਟੈਟਿਸਟਿਕਸ ਕੈਨੇਡਾ ਮੁਤਾਬਕ ਦਸੰਬਰ 2020 ਦੀ ਕੁੱਲ ਆਰਥਿਕ ਵਿਕਾਸ ਦਰ ਮਹਾਂਮਾਰੀ ਤੋਂ ਪਹਿਲਾਂ ਫਰਵਰੀ 2020 ਦੇ ਪੱਧਰ ਤੋਂ 3 ਫੀਸਦੀ ਹੇਠਾਂ ਸੀ। 

ਜੇਕਰ ਕੈਨੇਡਾ ਦੇ  ਅਰਥਚਾਰੇ ’ਚ ਆਈ ਗਿਰਾਵਟ ਦੀ ਅਮਰੀਕਾ ਨਾਲ ਤੁਲਨਾ ਕੀਤੀ ਜਾਵੇ ਤਾਂ ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਨੂੰ ਆਪਣੇ ਗੁਆਂਢੀ ਮੁਲਕ ਨਾਲੋਂ ਦੁੱਗਣਾ ਆਰਥਿਕ ਨੁਕਸਾਨ ਬਰਦਾਸ਼ਤ ਕਰਨਾ ਪਿਆ। ਜਨਵਰੀ 2021 ਵਿੱਚ 0.5 ਫੀਸਦੀ ਆਰਥਿਕ ਵਿਕਾਸ ਦੇ ਮੁੱਦੇ ’ਤੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਥੋਕ ਵਪਾਰ, ਨਿਰਮਾਣ ਤੇ ਉਸਾਰੀ ਖੇਤਰਾਂ ਵਿੱਚ ਤਾਂ ਵਾਧਾ ਹੋਇਆ, ਪਰ ਰਿਟੇਲ ਖੇਤਰ ਵਿੱਚ ਗਿਰਾਵਟ ਦਰਜ ਕੀਤੀ ਗਈ।

Stay tuned with us