ਨੇੜ ਭਵਿੱਖ ਵਿੱਚ ਕੋਵਿਡ-19 ਵੈਕਸੀਨ ਦੀ ਡਲਿਵਰੀ ਵਿੱਚ ਸੁਧਾਰ ਹੋਣ ਦੀ ਉਮੀਦ : ਫੋਰਟਿਨ

Category : Panjabi News | panjabi news Posted on 2021-02-06 03:47:22


ਨੇੜ ਭਵਿੱਖ ਵਿੱਚ ਕੋਵਿਡ-19 ਵੈਕਸੀਨ ਦੀ ਡਲਿਵਰੀ ਵਿੱਚ ਸੁਧਾਰ ਹੋਣ ਦੀ ਉਮੀਦ : ਫੋਰਟਿਨ

ਓਟਵਾ – ਕਈ ਹਫਤਿਆਂ ਤੋਂ ਕੋਵਿਡ-19 ਵੈਕਸੀਨ ਦੀਆਂ ਡੋਜ਼ਾਂ ਵਿੱਚ ਆਈ ਘਾਟ ਤੋਂ ਬਾਅਦ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੀ ਫਾਈਜ਼ਰ ਡਲਿਵਰੀ ਵਿੱਚ ਕੁੱਝ ਹਫਤਿਆਂ ਵਿੱਚ ਵਾਧਾ ਹੋ ਜਾਵੇਗਾ ਤੇ ਇਸ ਦੌਰਾਨ ਮੌਡਰਨਾ ਦੀ ਅਗਲੀ ਖੇਪ ਦੀ ਵੀ ਅਜੇ ਪੁਸ਼ਟੀ ਹੋਣੀ ਬਾਕੀ ਹੈ।

ਮੇਜਰ ਜਨਰਲ ਡੈਨੀ ਫੋਰਟਿਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਗਲੇ ਹਫਤੇ ਤੱਕ ਕੈਨੇਡਾ ਨੂੰ ਅੰਦਾਜ਼ਨ 70,000 ਫਾਈਜ਼ਰ ਬਾਇਓਐਨਟੈਕ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ।ਇਸ ਤੋਂ ਇਲਾਵਾ 22 ਫਰਵਰੀ ਵਾਲੇ ਹਫਤੇ ਲਈ ਤੈਅ ਮੌਡਰਨਾ ਦੀ ਖੇਪ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ਪਰ ਇਸ ਉੱਤੇ ਕਿਸ ਹੱਦ ਤੱਕ ਅਸਰ ਪੈਂਦਾ ਹੈ ਇਹ ਅਜੇ ਸਪਸ਼ਟ ਨਹੀਂ ਹੈ। ਯੂਰਪੀਅਨ ਫੈਸਿਲਿਟੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਫਾਈਜ਼ਰ ਵੱਲੋਂ ਡੋਜ਼ਾਂ ਦੀ ਗਿਣਤੀ ਵਿੱਚ ਕਮੀ ਕੀਤੇ ਜਾਣ ਨਾਲ ਪਿਛਲੇ ਕੁੱਝ ਹਫਤਿਆਂ ਵਿੱਚ ਕੈਨੇਡਾ ਵਿੱਚ ਵੈਕਸੀਨੇਸ਼ਨ ਉੱਤੇ ਵੀ ਅਸਰ ਪਿਆ ਹੈ। ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਦੇ ਰੂਪ ਵਿੱਚ ਮਨਜ਼ੂਰ ਕੀਤੀ ਗਈ ਦੂਜੀ ਵੈਕਸੀਨ ਹੈ ਮੌਡਰਨਾ। ਉਸ ਦੇ ਉਤਪਾਦਨ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ ਤੇ ਕੈਨੇਡਾ ਵਿੱਚ ਇਸ ਲਈ ਇਸ ਦੀ ਡਲਿਵਰੀ ਵੀ ਘਟੀ ਹੈ।

ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੀ ਕਮੀ ਨੂੰ ਥੋੜ੍ਹੇ ਪਲਾਂ ਲਈ ਆਈ ਰੁਕਾਵਟ ਦੱਸਿਆ ਹੈ। ਟਰੂਡੋ ਨੇ ਇਹ ਦਾਅਵਾ ਵੀ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਨੇਡਾ ਨੂੰ ਵੈਕਸੀਨ ਦੀ ਕੋਈ ਕਮੀ ਨਹੀਂ ਆਵੇਗੀ।  ਇਸ ਹਫਤੇ ਕੈਨੇਡਾ ਨੇ ਫਾਈਜ਼ਰ ਬਾਇਓਐਨਟੈਕ ਦੀਆਂ 79000 ਡੋਜ਼ਾਂ ਹਾਸਲ ਕੀਤੀਆਂ ਤੇ ਪ੍ਰੋਵਿੰਸਾਂ ਨੂੰ ਵੰਡੀਆਂ ਤੇ ਮੌਡਰਨਾ ਆਉਣ ਵਾਲੇ ਦਿਨਾਂ ਵਿੱਚ ਉੱਤਰੀ, ਦੂਰ ਦਰਾਜ ਦੀਆਂ ਕਮਿਊਨਿਟੀਜ਼ ਵਿੱਚ 180,000 ਡੋਜ਼ਾਂ ਭੇਜੇਗੀ।
ਫੋਰਟਿਨ ਨੇ ਆਖਿਆ ਕਿ ਫਾਈਜ਼ਰ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਵੈਕਸੀਨ ਦੀ ਖੇਪ ਵਿੱਚ ਵਾਧਾ ਕੀਤਾ ਜਾਵੇਗਾ। ਕੰਪਨੀ ਨੇ 15 ਫਰਵਰੀ ਤੱਕ 335,000 ਡੋਜ਼ਾਂ ਦੀ ਖੇਪ ਭੇਜਣ ਦਾ ਫੈਸਲਾ ਕੀਤਾ ਹੈ ਤੇ ਫਰਵਰੀ ਦੇ ਆਖਰੀ ਹਫਤੇ ਤੱਕ 395,000 ਡੋਜ਼ਾਂ ਕੰਪਨੀ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।ਫੋਰਟਿਨ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੈਕਸੀਨ ਦੀ ਵੰਡ ਨੂੰ ਲੈ ਕੇ ਦੇਰ ਨਹੀਂ ਹੋਵੇਗੀ ਤੇ ਪ੍ਰੋਵਿੰਸਾਂ ਨੂੰ ਸਮੇਂ ਸਿਰ ਲੋੜੀਂਦੀਆਂ ਡੋਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਰਹਿਣਗੀਆਂ। ਉਨ੍ਹਾਂ ਆਖਿਆ ਕਿ ਫਿਰ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਬਾਰੇ ਉਨ੍ਹਾਂ ਵੱਲੋਂ ਪਹਿਲ ਦੇ ਆਧਾਰ ਉੱਤੇ ਪ੍ਰੋਵਿੰਸਾਂ ਨੂੰ ਅਗਾਂਊਂ ਜਾਣੂ ਕਰਵਾਇਆ ਜਾਵੇਗਾ।

Stay tuned with us